ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 7 ਅਗਸਤ
‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ਵਿਚ 6 ਨਾਬਾਲਗ ਬੱਚਿਆਂ ਦੀ ਜ਼ਿੰਦਗੀ ਨਾਲ ਸੰਘਰਸ਼ ਕਰਨ ਦੀ ਦਰਦ ਭਰੀ ਦਾਸਤਾਨ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਲਾਕੇ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਇਨ੍ਹਾਂ ਛੋਟੇ-ਛੋਟੇ ਬੱਚਿਆਂ ਦੀ ਸਹਾਇਤਾ ਲਈ ਅੱਗੇ ਆਈਆਂ ਹਨ। ਇਲਾਕੇ ਦੇ ਕਈ ਦਾਨੀ ਸੱਜਣ, ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਵਲੋਂ ਜਿਥੇ ਇਨ੍ਹਾਂ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ, ਉੱਥੇ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਨੂੰ ਛੋਟਾ ਜਿਹਾ ਪਲਾਟ ਦਿੱਤਾ ਜਾਵੇ ਅਤੇ ਘਰ ਬਣਾਉਣ ਦੀ ਜ਼ਿੰਮੇਵਾਰੀ ਸੰਸਥਾਵਾਂ ਤੇ ਦਾਨੀ ਸੱਜਣ ਸੰਯੁਕਤ ਰੂਪ ਵਿਚ ਚੁੱਕਣਗੀਆਂ। ਸਮਾਜ ਸੇਵੀ ਸ਼ਿਵ ਕੁਮਾਰ ਸ਼ਿਵਲੀ ਨੇ ਦੱਸਿਆ ਕਿ ਇਸ ਪਰਿਵਾਰ ਦੀਆਂ 2 ਨਾਬਾਲਗ ਲੜਕੀਆਂ ਆਪਣੇ 4 ਛੋਟੇ ਭੈਣ-ਭਰਾਵਾਂ ਦੇ ਪਾਲਣ-ਪੋਸ਼ਣ ਲਈ ਲੋਕਾਂ ਦੇ ਘਰਾਂ ਵਿਚ ਭਾਂਡੇ ਮਾਂਜ ਕੇ ਗੁਜ਼ਾਰਾ ਕਰ ਰਹੀਆਂ ਹਨ। ਇਸ ਮੌਕੇ ਦਾਨੀ ਸੱਜਣ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ, ਸ਼ਕਤੀ ਆਨੰਦ, ਰੁਪਿੰਦਰ ਸਿੰਘ ਬੈਨੀਪਾਲ, ਕੌਂਸਲਰ ਮਨਜੀਤ ਕੁਮਾਰੀ, ਐਡਵੋਕੇਟ ਦੀਪਕ ਸ਼ਰਮਾ, ਡਾ. ਆਰ.ਕੇ., ਗੁਰਿੰਦਰ ਸਿੰਘ ਨੂਰਪੁਰ ਤੋਂ ਇਲਾਵਾ ਹੋਰ ਵੀ ਕਈ ਜਥੇਬੰਦੀਆਂ ਇਸ ਗਰੀਬ ਪਰਿਵਾਰ ਲਈ ਅੱਗੇ ਆਈਆਂ ਹਨ।