ਪੱਤਰ ਪ੍ਰੇਰਕ
ਜਗਰਾਉਂ, 1 ਜੁਲਾਈ
ਪਿੰਡ ਸੋਹੀਆਂ ਵਿੱਚ ਗੁਰੂ ਘਰ ਦੀ ਸਾਂਭ ਸੰਭਾਲ ਨੂੰ ਲੈ ਕੇ ਹੋਏ ਵਿਵਾਦ ਵਿੱਚ ਮਰਨ ਵਾਲੇ ਸਾਬਕਾ ਸਰਪੰਚ ਅਤੇ ਗੁਰੂ ਘਰ ਦੇ ਗ੍ਰੰਥੀ ਮੁਖਤਿਆਰ ਸਿੰਘ ਦੀ ਦੇਹ ਦਾ ਅੰਤਿਮ ਸੰਸਕਾਰ ਤੀਜੇ ਦਿਨ ਵੀ ਨਹੀਂ ਕੀਤਾ ਗਿਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਪੁਲੀਸ ਨੂੰ ਜਵਾਬ ਦਿੰਦੇ ਹੋਏ, ਮੌਤ ਲਈ ਜ਼ਿੰਮੇਵਾਰ 5 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਰੱਖੀ ਮੰਗ ਫਿਰ ਦੁਹਰਾਈ ਹੈ। ਪੁਲੀਸ ਅਧਿਕਾਰੀਆਂ ਨਾਲ ਗੱਲ ਕਰਨ ਵਾਲੇ ਪ੍ਰਧਾਨ ਗੁਰਦੀਪ ਸਿੰਘ, ਸਰਪੰਚ ਕੁਲਦੀਪ ਕੌਰ, ਸਰੂਪ ਸਿੰਘ, ਕੁਲਵੀਰ ਸਿੰਘ, ਤਪਿੰਦਰ ਸਿੰਘ, ਜਗਜੀਤ ਸਿੰਘ, ਹਾਕਮ ਸਿੰਘ, ਗੁਰਚੇਤ ਸਿੰਘ, ਦਲਵਿੰਦਰ ਸਿੰਘ, ਅਮਨਦੀਪ ਸਿੰਘ, ਜਗਰਾਜਵੀਰ ਸਿੰਘ, ਬਲਵਿੰਦਰ ਸਿੰਘ ਅਤੇ ਰਾਜਿੰਦਰ ਸਿੰਘ ਨੇ ਆਖਿਆ ਕਿ ਪੁਲੀਸ ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਕੇ ਸਲਾਖਾਂ ਪਿੱਛੇ ਕਰਨ ਦਾ ਕੀਤਾ ਵਾਅਦਾ ਨਿਭਾਵੇ ਤਾਂ ਹੀ ਉਹ ਗੁਰੂ ਘਰ ਦੇ ਸੇਵਾਦਾਰ ਦੀ ਲਾਸ਼ ਨੂੰ ਅਗਨ ਭੇਟ ਕਰਨਗੇ। ਡੀਐੱਸਪੀ ਜਤਿੰਦਰਜੀਤ ਸਿੰਘ ਨੇ ਆਖਿਆ ਕਿ ਪੁਲੀਸ ਟੀਮਾਂ ਮਾਮਲੇ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕਰ ਰਹੀਆਂ ਹਨ। ਪਿੰਡ ਵਾਸੀਆਂ ਨੂੰ ਗ੍ਰੰਥੀ ਸਿੰਘ ਦਾ ਸਸਕਾਰ ਕਰ ਦੇਣਾ ਚਾਹੀਦਾ ਹੈ।