ਸਤਵਿੰਦਰ ਬਸਰਾ
ਲੁਧਿਆਣਾ, 17 ਅਕਤੂਬਰ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਮੌਸਮ ਨੇ ਅੱਜ ਤੋਂ ਹੀ ਸਰਦੀਆਂ ਦਾ ਅਹਿਸਾਸ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਦਿਨ ਭਰ ਮੌਸਮ ਦੇ ਕਈ ਰੰਗ ਦੇਖਣ ਨੂੰ ਮਿਲੇ। ਇਸ ਦੌਰਾਨ ਕਦੇ ਧੁੱਪ, ਕਦੇ ਬੱਦਲਵਾਈ ਅਤੇ ਕਦੇ ਹੋਈ ਕਿਣਮਿਣ ਨੇ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਦਿੱਤੀ ਹੈ। ਸੂਬੇ ਭਰ ਵਿੱਚ ਸਭ ਤੋਂ ਗਰਮ ਮੰਨਿਆ ਜਾਂਦਾ ਲੁਧਿਆਣਾ ਐਤਵਾਰ ਨੂੰ ਪਿਛਲੇ ਦਿਨਾਂ ਦੇ ਮੁਕਾਬਲੇ ਠੰਢਾ ਰਿਹਾ। ਦਿਨ ਵਿੱਚ ਮੌਸਮ ਨੇ ਕਈ ਵਾਰ ਕਰਵਟ ਬਦਲੀ। ਕਦੇ ਧੁੱਪ ਨਿਕਲੀ ਅਤੇ ਕਦੇ ਅਸਮਾਨ ’ਤੇ ਪੂਰੀ ਤਰ੍ਹਾਂ ਬੱਦਲਵਾਈ ਛਾਈ ਰਹੀ। ਇਸ ਦੌਰਾਨ ਕਈ ਇਲਾਕਿਆਂ ਵਿੱਚ ਕਿਣਮਿਣ ਵੀ ਹੋਈ। ਸ਼ਾਮ ਸਮੇਂ ਤਾਂ ਮੌਸਮ ਪੂਰੀ ਤਰ੍ਹਾਂ ਸੁਹਾਵਣਾ ਬਣਿਆ ਹੋਇਆ ਸੀ। ਲੋਕ ਛੱਤਾਂ ’ਤੇ ਖੜ੍ਹੇ ਹੋ ਕਿ ਇਸ ਖੂਬਸੂਰਤ ਦ੍ਰਿਸ਼ ਨੂੰ ਆਪਣੇ ਮੋਬਾਇਲਾਂ ਵਿੱਚ ਕੈਦ ਕਰਦੇ ਵੀ ਦਿਖਾਈ ਦਿੱਤੇ। ਤਿਓਹਾਰਾਂ ਦੇ ਦਿਨ ਹੋਣ ਕਰਕੇ ਭਾਵੇਂ ਬਾਜ਼ਾਰਾਂ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਸਨ, ਪਰ ਅੱਜ ਵਾਰ ਵਾਰ ਹੁੰਦੀ ਕਿਣਮਿਣ ਨੇ ਲੋਕਾਂ ਨੂੰ ਵੀ ਦੁਚਿੱਤੀ ਵਿੱਚ ਫਸਾਈ ਰੱਖਿਆ। ਮੌਸਮ ਵਿੱਚ ਆਈ ਤਬਦੀਲੀ ਕਰਕੇ ਲੋਕਾਂ ਨੂੰ ਤਾਜਪੁਰ ਰੋਡ, ਟਿੱਬਾ ਰੋਡ ਆਦਿ ਇਲਾਕਿਆਂ ਵਿੱਚ ਅੱਜ ਬਿਜਲੀ ਦਾ ਅੱਜ ਅੱਠ ਘੰਟੇ ਤੋਂ ਵੀ ਵੱਧ ਸਮੇਂ ਦਾ ਲੱਗਿਆ ਕੱਟ ਵੀ ਮਹਿਸੂਸ ਨਹੀਂ ਹੋਇਆ।