ਸਤਵਿੰਦਰ ਬਸਰਾ
ਲੁਧਿਆਣਾ, 22 ਜੁਲਾਈ:
ਜਿੱਥੇ ਲੁਧਿਆਣਾ ਵਿੱਚ ਅੱਜ ਦੁਪਹਿਰ ਬਾਅਦ ਮੁੜ ਬੱਦਲਵਾਈ ਹੋਣ ਅਤੇ ਕਿਤੇ ਕਿਤੇ ਛਿੱਟੇ ਪੈਣ ਨਾਲ ਮੌਸਮ ਖੁਸ਼ਗਵਾਰ ਬਣ ਗਿਆ, ਉੱਥੇ ਮਾਡਲਾ ਟਾਊਨ ਵਿੱਚ ਇੱਕ ਸੜਕ ਧਸਣ ਕਾਰਨ ਵੱਡਾ ਹਾਦਸਾ ਹੋਣੋਂ ਬਚਾਅ ਹੋ ਗਿਆ। ਇਸ ਦੌਰਾਨ ਇੱਥੇ ਇੱਕ ਟਰੱਕ ਮੀਂਹ ਕਾਰਨ ਸੜਕ ਧੱਸਣ ਕਾਰਨ ਬਣੇ ਵੱਡੇ ਟੋਏ ਵਿੱਚ ਡਿੱਗ ਗਿਆ, ਜਿਸ ਦੌਰਾਨ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਦੱਸਣਯੋਗ ਹੈ ਕਿ ਸ਼ਹਿਰ ਇਸ ਦੌਰਾਨ ਜਿਹੜਾ ਤਾਪਮਾਨ 37 ਤੋਂ 40 ਡਿਗਰੀ ਸੈਲਸੀਅਸ ਤੱਕ ਚੱਲ ਰਿਹਾ ਸੀ, ਉਹ ਅੱਜ ਘਟ ਕੇ 34 ਡਿਗਰੀ ਸੈਲਸੀਅਸ ਤੱਕ ਆ ਗਿਆ। ਸਨਅਤੀ ਸ਼ਹਿਰ ਵਿੱਚ ਵੀਰਵਾਰ ਦੁਪਹਿਰ ਬਾਅਦ ਕਰੀਬ ਢਾਈ ਕੁ ਵਜੇ ਸੰਘਣੀ ਬੱਦਲਵਾਈ ਛਾ ਗਈ ਜਿਸ ਨੇ ਦੁਬਾਰਾ ਭਰਵਾਂ ਮੀਂਹ ਪੈਣ ਦੀ ਸੰਭਾਵਨਾ ਬਣਾ ਦਿੱਤੀ ਸੀ। ਅਸਮਾਨ ’ਤੇ ਇਹ ਬੱਦਲਵਾਈ ਕਰੀਬ ਤਿੰਨ ਘੰਟੇ ਤੱਕ ਛਾਈ ਰਹੀ ਅਤੇ ਇਸ ਦੌਰਾਨ ਕਈ ਥਾਵਾਂ ’ਤੇ ਛਿੱਟੇ ਵੀ ਪਏ। ਜੇਕਰ ਪੀਏਯੂ ਦੇ ਮੌਸਮ ਵਿਭਾਗ ਦੇ ਮਾਹਿਰਾਂ ਦੀ ਮੰਨੀਏ ਤਾਂ ਇਸ ਮੌਸਮ ਨਾਲ ਵੱਧ ਤੋਂ ਵੱਧ ਤਾਪਮਾਨ ਘਟ ਕੇ 34 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 27.4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮਾਹਿਰਾਂ ਨੇ ਆਉਣ ਵਾਲੇ 24 ਘੰਟਿਆਂ ਵਿੱਚ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਟੁੱਟਵੀਂ ਬੱਦਲਵਾਈ ਰਹਿਣ ਅਤੇ ਕਿਤੇ-ਕਿਤੇ ਛਿੱਟੇ ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਹੈ।
ਲੁਧਿਆਣਾ (ਗਗਨਦੀਪ ਅਰੋੜਾ): ਮੌਨਸੂਨ ਦੇ ਪਹਿਲੇ ਮੀਂਹ ਨੇ ਸਨਅਤੀ ਸ਼ਹਿਰ ਦੇ ਹਾਲਾਤ ਮਾੜੇ ਕਰ ਦਿੱਤੇ ਹਨ। ਜਿੱਥੇ ਇੱਕ ਪਾਸੇ ਬੁੱਢੇ ਨਾਲੇ ਦੇ ਕਿਨਾਰੇ ਟੁੱਟ ਚੁੱਕੇ ਹਨ, ਉੱਥੇ ਕਈ ਥਾਵਾਂ ’ਤੇ ਸੜਕਾਂ ਖਰਾਬ ਹੋ ਚੁੱਕੀਆਂ ਹਨ। ਪੌਸ਼ ਇਲਾਕੇ ਮਾਡਲ ਟਾਊਨ ਐਕਸਟੈਨਸ਼ਨ ’ਚ ਵੀਰਵਾਰ ਦੀ ਦੁਪਹਿਰ ਨੂੰ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨਘਾਟ ਦੇ ਬਾਹਰ ਵੀਰਵਾਰ ਦੀ ਦੁਪਹਿਰ ਨੂੰ ਸੜਕ ਧਸ ਗਈ ਜਿਸ ’ਚ ਇੱਕ ਟਰੱਕ ਫਸ ਗਿਆ। ਦੋਵੇਂ ਪਾਸੇ ਦੇ ਟਰੈਫਿਕ ਨੂੰ ਇੱਕਦਮ ਰੋਕਣਾ ਪਿਆ। ਆਸ-ਪਾਸ ਦੇ ਲੋਕ ਇੱਧਰ ਉੱਧਰ ਵੀ ਗਏ ਤਾਂ ਕਿ ਸੜਕ ਹੋਰ ਨਾ ਧੱਸ ਜਾਵੇ। ਟਰੱਕ ਚਾਲਕ ਨੇ ਵੀ ਛਾਲ ਮਾਰ ਕੇ ਆਪਣੀ ਜਾਨ ਬਚਾਈ। ਸੂਚਨਾ ਮਿਲਦਿਆਂ ਹੀ ਨਗਰ ਨਿਗਮ ਦੀ ਟੀਮ ਮੌਕੇ ’ਤੇ ਪੁੱਜੀ। ਕਰੇਨ ਬੁਲਾ ਕੇ ਟਰੱਕ ਨੂੰ ਖੱਡੇ ’ਚੋਂ ਬਾਹਰ ਕੱਢਿਆ ਗਿਆ। ਇਸ ਦੌਰਾਨ 10 ਤੋਂ 15 ਫੁੱਟ ਡੂੰਘਾ ਟੋਇਆ ਪੈ ਗਿਆ, ਜਿਸ ਦੀ ਚੌੜਾਈ ਵੀ 15 ਫੁੱਟ ਦੇ ਕਰੀਬ ਸੀ। ਨਗਰ ਨਿਗਮ ਦੀਆਂ ਟੀਮਾਂ ਨੇ ਉੱਥੇ ਪੁੱਜਕੇ ਖੱਡਾ ਭਰਨਾ ਸ਼ੁਰੂ ਕਰ ਦਿੱਤਾ।
ਜਾਣਕਾਰੀ ਅਨੁਸਾਰ ਵੀਰਵਾਰ ਦੁਪਹਿਰ ਇੱਕ ਟਿੱਪਰ ਮਾਡਲ ਟਾਊਨ ਐਕਸਟੈਨਸ਼ਨ ਮੁੱਖ ਸੜਕ ਵੱਲ ਜਾ ਰਿਹਾ ਸੀ। ਜਦੋਂ ਟਿੱਪਰ ਸ਼ਮਸ਼ਾਨਘਾਟ ਕੋਲ ਪੁੱਜਿਆ ਤਾਂ ਇੱਕਦਮ ਟਰੱਕ ਸੜਕ ’ਚ ਧਸ ਗਿਆ। ਜਿਸ ਨਾਲ ਪਿੱਛੇ ਆਉਣ ਵਾਲੇ ਵਾਹਨ ਇੱਕਦਮ ਰੁੱਕ ਗਏ। ਟਰੱਕ ਚਾਲਕ ਨੇ ਤੁਰੰਤ ਛਾਲ ਮਾਰ ਕੇ ਆਪਣੀ ਜਾਨ ਬਚਾਈ। ਦੇਖਦੇ ਹੀ ਦੇਖਦੇ ਕਰੀਬ 10 ਫੁੱਟ ਤੱਕ ਟਰੱਕ ਸੜਕ ’ਚ ਧਸ ਗਿਆ। ਲੋਕਾਂ ਨੇ ਦੋਸ਼ ਲਾਇਆ ਕਿ ਥੱਲੋ ਪਾਣੀ ਦੀਆਂ ਪਾਈਪਾਂ ਨਿਕਲਦੀਆਂ ਹਨ। ਇਲਾਕੇ ’ਚ ਪਿਛਲੇ ਕਾਫ਼ੀ ਸਮੇਂ ਤੋਂ ਗੰਦਾ ਪਾਣੀ ਆ ਰਿਹਾ ਸੀ। ਇਸ ਬਾਰੇ ਨਗਰ ਨਿਗਮ ਨੂੰ ਕਈ ਵਾਰ ਸ਼ਿਕਾਇਤ ਵੀ ਕੀਤੀ ਗਈ ਸੀ, ਪਰ ਕਾਰਵਾਈ ਨਹੀਂ ਹੋ ਰਹੀ ਸੀ। ਸੜਕ ’ਚ ਮਾਮੂਲੀ ਖੱਡਾ ਪਹਿਲਾਂ ਹੀ ਸੀ, ਪਰ ਵੀਰਵਾਰ ਨੂੰ ਸੜਕ ਪੂਰੀ ਤਰ੍ਹਾਂ ਧੱਸ ਗਈ।