ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਅਕਤੂਬਰ
ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ ਅਤੇ ਡੀਸੀ ਜਤਿੰਦਰ ਜੋਰਵਾਲ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਸ਼ਮੀ ਦੀ ਅਗਵਾਈ ਹੇਠ ਬਾਲ ਘਰਾਂ ਵਿੱਚ ਰਹਿ ਰਹੇ ਬੱਚਿਆਂ ਲਈ ਗੁਰੂ ਨਾਨਕ ਸਟੇਡੀਅਮ ਵਿੱਚ ਸਪੋਰਟਸ ਮੀਟ ਕਰਵਾਈ ਗਈ। ਇਸ ਮੌਕੇ ਸਪੋਰਟਸ ਮੀਟ ਵਿੱਚ ਵੱਖ-ਵੱਖ ਸਰਕਾਰੀ ਤੇ ਗੈਰ-ਸਰਕਾਰੀ ਬਾਲ ਘਰਾਂ ਦੇ ਬੱਚਿਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਬਾਲ ਘਰ, ਜਮਾਲਪੁਰ, ਸਹਿਯੋਗ ਹਾਫਵੇਅ ਹੋਮ, ਜਮਾਲਪੁਰ, ਪਿੰਡ ਹਸਨਪੁਰ ਵਿੱਚ ਮਨੁੱਖਤਾ ਦੀ ਸੇਵਾ ਆਸ਼ਰਮ, ਸ੍ਰੀ ਬਾਲਾ ਜੀ ਪ੍ਰੇਮ ਆਸ਼ਰਮ, ਐੱਸ.ਜੀ.ਬੀ. ਇੰਟਰਨੈਸ਼ਨਲ ਫਾਊਂਡੇਸ਼ਨ, ਮੁੱਲਾਂਪੁਰ, ਹੈਵਨਲੀ ਏਂਜਲਜ ਚਿਲਡਰਨ ਹੋਮ ਸ਼ਾਮਲ ਹਨ। ਬਾਲ ਘਰਾਂ ਦੇ ਬੱਚਿਆਂ ਵੱਲੋਂ ਇਨਡੋਰ ਤੇ ਆਊਟਡੋਰ ਬੈਡਮਿੰਟਨ, ਬਾਸਕਟਬਾਲ ਅਤੇ ਕਬੱਡੀ, ਰੱਸਾਕੱਸੀ, ਪੇਂਟਿੰਗ, ਸਲੋਗਨ, ਕੋਲਾਜ ਮੇਕਿੰਗ, ਲੇਖ ਲਿਖਣ ਤੇ ਰੰਗੋਲੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਗਿਆ। ਖੇਡ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਬੱਚਿਆਂ ਦੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਚੇਅਰਪਰਸਨ ਸੁਰਜੀਤ ਸਿੰਘ ਰੋਮਾਣਾ, ਮੈਂਬਰ ਬਾਲ ਭਲਾਈ ਕਮੇਟੀ ਗੁਨਜੀਤ ਕੌਰ, ਰੁਚੀ ਬਾਵਾ ਅਤੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜ਼ਾ ਸਿੰਘ ਧਾਲੀਵਾਲ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।