ਸਤਵਿੰਦਰ ਬਸਰਾ
ਲੁਧਿਆਣਾ, 8 ਨਵੰਬਰ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਹੋ ਰਹੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਬੇਸਬਾਲ ਅੰਡਰ-14, 17 ਅਤੇ ਅੰਡਰ-21 ਵਿੱਚ ਲੁਧਿਆਣਾ ਦੀਆਂ ਲੜਕੀਆਂ ਦੀਆਂ ਟੀਮਾਂ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਕੇ ਜ਼ਿਲ੍ਹੇ ਦਾ ਨਾਂ ਉੱਚਾ ਕੀਤਾ ਹੈ। ਇਹ ਮੁਕਾਬਲੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਿੱਲ ਵਿੱਚ ਕਰਵਾਏ ਗਏ। ਇਸ ਵਿੱਚ ਲੜਕੀਆਂ ਦੀਆਂ 10 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ। ਲੜਕੀਆਂ ਅੰਡਰ-14 ਵਿੱਚ ਪਹਿਲਾ ਸੈਮੀਫਾਈਨਲ ਮੁਕਾਬਲਾ ਲੁਧਿਆਣਾ ਨੇ ਫਿਰੋਜ਼ਪੁਰ ਨੂੰ 2-0 ਨਾਲ ਹਰਾ ਕੇ ਜਦਕਿ ਦੂਜਾ ਸੈਮੀਫਾਈਨਲ ਮੁਕਾਬਲਾ ਸੰਗਰੂਰ ਨੇ ਮੋਗਾ ਨੂੰ 12-2 ਨਾਲ ਪਛਾੜ ਕੇ ਜਿੱਤਿਆ। ਫਾਈਨਲ ਵਿੱਚ ਲੁਧਿਆਣਾ ਨੇ ਸੰਗਰੂਰ ਦੀ ਟੀਮ ਨੂੰ 4-1 ਨਾਲ ਮਾਤ ਦਿੰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮ ਵੱਲੋਂ ਸਿਮਰਨ ਅਤੇ ਪ੍ਰਭਜੋਤ ਨੇ ਇੱਕ-ਇੱਕ ਦੌੜ ਬਣਾਈ। ਇਸ ਵਰਗ ਵਿੱਚ ਫਿਰੋਜ਼ਪੁਰ ਦੂਜੇ ਅਤੇ ਮੋਗਾ ਦੀ ਟੀਮ ਤੀਜੇ ਥਾਂ ਰਹੀ। ਲੜਕੀਆਂ ਅੰਡਰ-17 ਵਰਗ ਦੇ ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਨੇ ਫਿਰੋਜ਼ਪੁਰ ਨੂੂੰ 9-4 ਦੇ ਫਰਕ ਨਾਲ ਹਰਾਇਆ। ਜੇਤੂ ਟੀਮ ਵੱਲੋਂ ਜਸਮੀਤ ਅਤੇ ਸਾਂਚੀ ਨੇ ਦੋ-ਦੋ ਦੌੜਾਂ ਬਣਾਈਆਂ। ਇਸ ਮੁਕਾਬਲੇ ਵਿੱਚ ਫਿਰੋਜ਼ਪੁਰ ਦੂਜੇ ਅਤੇ ਸੰਗਰੂਰ ਦੀ ਟੀਮ ਤੀਜੇ ਸਥਾਨ ’ਤੇ ਆਈ। ਲੜਕੀਆਂ ਅੰਡਰ-21 ਵਰਗ ਦੇ ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਨੇ ਫਿਰੋਜ਼ਪੁਰ ਨੂੰ 4-2 ਦੇ ਸਕੋਰ ਨਾਲ ਪਛਾੜ ਕੇ ਪਹਿਲੇ ਸਥਾਨ ’ਤੇ ਕਬਜ਼ਾ ਕੀਤਾ। ਇਸ ਮੁਕਾਬਲੇ ਵਿੱਚ ਫਿਰੋਜ਼ਪੁਰ ਦੀ ਟੀਮ ਦੂਜੇ ਅਤੇ ਸੰਗਰੂਰ ਦੀ ਟੀਮ ਤੀਜੇ ਸਥਾਨ ’ਤੇ ਰਹੀ।
ਮੁਹਾਲੀ ਦੀ ਰੀਤ 600 ਮੀਟਰ ਦੌੜ ’ਚ ਅੱਵਲ
ਗੁਰੂ ਨਾਨਕ ਸਟੇਡੀਅਮ ਵਿੱਚ ਹੋਏ ਮੁਕਾਬਿਲਾਂ ਦੌਰਾਨ ਅੱਜ ਲੜਕੀਆਂ ਅੰਡਰ-14 ਵਰਗ ਦੀ 600 ਮੀਟਰ ਦੌੜ ਵਿੱਚੋਂ ਮੁਹਾਲੀ ਦੀ ਰੀਤ ਪਹਿਲੇ ਸਥਾਨ ’ਤੇ ਰਹੀ ਜਦਕਿ 10 ਹਜ਼ਾਰ ਮੀਟਰ ਵਾਕ ਵਿੱਚ ਮਾਨਸਾ ਦੀ ਬਲਜੀਤ ਜੇਤੂ ਰਹੀ। ਅੰਡਰ-14 ਵਰਗ ਦੀ 600 ਮੀਟਰ ਦੌੜ ’ਚ ਸ੍ਰੀ ਫਤਿਹਗੜ੍ਹ ਸਾਹਿਬ ਦੀ ਮੰਨਤ ਕੌਰ ਨੇ ਦੂਜਾ ਤੇ ਲੁਧਿਆਣਾ ਦੀ ਖੁਸ਼ੀ ਤਿਆਗੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਅੰਡਰ-21 ਦੀ 10 ਹਜ਼ਾਰ ਮੀਟਰ ਵਾਕ ਵਿੱਚ ਜਲੰਧਰ ਦੀ ਕਮਲਪ੍ਰੀਤ ਕੌਰ ਨੇ ਪਹਿਲਾ, ਅੰਮ੍ਰਿਤਸਰ ਦੀ ਗੁਰਪ੍ਰੀਤ ਕੌਰ ਨੇ ਦੂਜਾ ਅਤੇ ਅੰਮ੍ਰਿਤਸਰ ਦੀ ਸੁਭਜੀਤ ਕੌਰ ਨੇ ਤੀਜਾ ਸਥਾਨ, ਉੱਚੀ ਛਾਲ ਵਿੱਚ ਅੰਮ੍ਰਿਤਸਰ ਦੀ ਰਿੰਪਲ ਕੌਰ, ਲੰਬੀ ਛਾਲ ਵਿੱਚ ਐਸਬੀਐਸ ਨਗਰ ਦੀ ਸਿਮਰਨ, 21-30 ਵਿਮੈੱਨ ਵਰਗ ਦੀ 10 ਹਜ਼ਾਰ ਮੀਟਰ ਵਕ ਵਿੱਚ ਮਾਨਸਾ ਦੀ ਬਲਜੀਤ ਕੌਰ, 500 ਮੀਟਰ ਵਿੱਚ ਪਟਿਆਲਾ ਦੀ ਰਵੀਨਾ ਰਾਣੀ, ਉੱਚੀ ਛਾਲ ਵਿੱਚ ਲੁਧਿਆਣਾ ਦੀ ਕਮਲਜੀਤ ਕੌਰ, ਲੰਬੀ ਛਾਲ ਵਿੱਚ ਲੁਧਿਆਣਾ ਦੀ ਅਰਸ਼ਦੀਪ ਕੌਰ, 31-40 ਵਰਗ ਦੀ 200 ਮੀਟਰ ਦੌੜ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਮਲਕੀਤ ਕੌਰ, 400 ਮੀਟਰ ਦੌੜਵਿੱਚ ਜਲੰਧਰ ਦੀ ਕਿਰਨਪਾਲ ਕੌਰ, ਜੈਵਲਿਨ ਥਰੋਅ ਵਿੱਚ ਫਾਜ਼ਿਲਕਾ ਦੀ ਸੀਮਾ ਰਾਣੀ, 10 ਹਜ਼ਾਰ ਮੀਟਰ ਵਿੱਚ ਐਸਬੀਐਸ ਨਗਰ ਦੀ ਜਸਮੀਤ ਕੌਰ, 10 ਹਜ਼ਾਰ ਮੀਟਰ ਵਾਕ ਵਿੱਚ ਸੰਗਰੂਰ ਦੀ ਵੀਰਪਾਲ ਕੌਰ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ।