ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਨਵੰਬਰ
‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬੇਸਬਾਲ ਦੇ ਸੂਬਾ ਪੱਧਰੀ ਮੁਕਾਬਲਿਆਂ ’ਚ ਲੜਕਿਆਂ ਦੇ ਵੱਖ ਵੱਖ ਉਮਰ ਵਰਗਾਂ ਵਿੱਚੋਂ ਲੁਧਿਆਣਾ ਨੇ ਅੰਡਰ-14 ਅਤੇ 17 ਵਿੱਚ ਸੋਨੇ ਦਾ ਤਗਮਾ ਜਦਕਿ ਅੰਡਰ-21 ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਜੇਤੂ ਖਿਡਾਰੀਆਂ ਨੂੰ ਜ਼ਿਲ੍ਹਾ ਖੇਡ ਅਫਸਰ ਕੁਲਦੀਪ ਸਿੰਘ ਚੁੱਘ ਨੇ ਇਨਾਮ ਵੰਡੇ।
ਪ੍ਰਾਪਤ ਜਾਣਕਾਰੀ ਅਨੁਸਾਰ ਬੇਸਬਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਵੱਖ ਵੱਖ 12 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ ਤੇ ਅੱਜ ਅੰਡਰ-14 ਵਰਗ ਵਿੱਚ ਫਾਈਨਲ ਮੁਕਾਬਲਾ ਲੁਧਿਆਣਾ ਤੇ ਫਿਰੋਜ਼ਪੁਰ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਇਸ ਮੁਕਾਬਲੇ ਵਿੱਚ ਲੁਧਿਆਣਾ ਨੇ ਫਿਰੋਜ਼ਪੁਰ ਨੂੰ 5-2 ਨਾਲ ਹਰਾ ਕੇ ਸੋਨੇ ਦਾ ਤਗ਼ਮਾ ਆਪਣੇ ਨਾਮ ਕੀਤਾ। ਜੇਤੂ ਟੀਮ ਵੱਲੋਂ ਜਸਵੀਰ ਅਤੇ ਮਨਮੀਤ ਨੇ ਇੱਕ-ਇੱਕ ਅੰਕ ਦਾ ਯੋਗਦਾਨ ਪਾਇਆ। ਇਸ ਵਰਗ ਵਿੱਚ ਸੰਗਰੂਰ ਦੀ ਟੀਮ ਤੀਜੇ ਸਥਾਨ ’ਤੇ ਰਹੀ। ਲੜਕੇ ਅੰਡਰ-17 ਵਰਗ ਵਿੱਚ ਹੋਏ ਫਾਈਨਲ ਮੁਕਾਬਲੇ ’ਚ ਲੁਧਿਆਣਾ ਨੇ ਸੰਗਰੂਰ ਨੂੰ 6-2 ਨਾਲ ਹਰਾਇਆ। ਜੇਤੂ ਟੀਮ ਵੱਲੋਂ ਮੰਟੇਕ ਅਤੇ ਧੀਰਜ ਨੇ ਦੋ-ਦੋ ਅੰਕਾਂ ਦਾ ਯੋਗਦਾਨ ਪਾਇਆ। ਇਸ ਵਰਗ ਵਿੱਚ ਪਟਿਆਲਾ ਨੂੰ 3-1 ਨਾਲ ਹਰਾ ਕੇ ਫਿਰੋਜ਼ਪੁਰ ਦੀ ਟੀਮ ਤੀਜੇ ਸਥਾਨ ’ਤੇ ਰਹੀ। ਲੜਕੇ ਅੰਡਰ-21 ਵਰਗ ਦੇ ਫਾਈਨਲ ਮੁਕਾਬਲੇ ਵਿੱਚ ਫਿਰੋਜ਼ਪੁਰ ਨੇ ਲੁਧਿਆਣਾ ਨੂੰ 8-2 ਦੇ ਵੱਡੇ ਫਰਕ ਨਾਲ ਹਰਾ ਕੇ ਜੇਤੂ ਰਹਿਣ ਦਾ ਮਾਣ ਪ੍ਰਾਪਤ ਕੀਤਾ। ਜੇਤੂ ਟੀਮ ਵੱਲੋਂ ਸੁੰਦਰ ਅਤੇ ਜਤਿੰਦਰ ਨੇ ਦੋ-ਦੋ ਅੰਕ ਬਣਾਏ। ਅੰਮ੍ਰਿਤਸਰ ਨੂੰ 8-1 ਅੰਕਾਂ ਦੇ ਫਰਕ ਨਾਲ ਹਰਾ ਕੇ ਮੋਗਾ ਤੀਜੇ ਸਥਾਨ ’ਤੇ ਰਿਹਾ।