ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਅਗਸਤ
ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਐਸਆਰ ਮੈਮੋਰੀਅਲ ਸਕੂਲ ਸ਼ੇਰਪੁਰ ਕਲਾਂ ਅਤੇ ਲੱਕੀ ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਵਿਚ ਖੇਡ ਮੀਟਿੰਗਾਂ ਕੀਤੀਆਂ। ਇਸ ਦੌਰਾਨ ਸ੍ਰੀ ਬਿੰਦਰਾ ਨੇ ਕਿਹਾ ਕਿ ਸੂਬੇ ਨੂੰ ਨਸ਼ਾਮੁਕਤ ਕਰਨ ਲਈ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਸ਼ੇ ਦੇ ਇਸ ਕੋਹੜ ਨੂੰ ਖੇਡਾਂ ਰਾਹੀਂ ਹੀ ਖ਼ਤਮ ਕੀਤਾ ਜਾ ਸਕਦਾ ਹੈ।
ਸ੍ਰੀ ਬਿੰਦਰਾ ਨੇ ਕਿਹਾ ਕਿ ਸੂਬਾ ਸਰਕਾਰ ਮੁਫ਼ਤ ਖੇਡ ਕਿੱਟਾਂ ਵੰਡਣ, ਟੂਰਨਾਮੈਂਟ ਕਰਵਾਉਣ, ਖਿਡਾਰੀਆਂ ਨੂੰ ਪੌਸ਼ਟਿਕ ਆਹਾਰ ਯਕੀਨੀ ਬਨਾਉਣ, ਕੋਚਾਂ ਦੀ ਨਿਯੁਕਤੀ ਅਤੇ ਬੁਨਿਆਦੀ ਇਮਾਰਤ ਢਾਂਚਾ ਬਣਾ ਕਿ ਸੂਬੇ ਵਿੱਚ ਖੇਡਾਂ ਨੂੰ ਪ੍ਰਫੁਲਿਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਮਜ਼ਬੂਤੀ ਹੀ ਨਹੀਂ ਦਿੰਦਿਆਂ ਸਗੋਂ ਨੌਜਵਾਨਾਂ ਨੂੰ ਮਾੜੇ ਪਾਸੇ ਜਾਣ ਤੋਂ ਵੀ ਰੋਕਦੀਆਂ ਹਨ। ਸ੍ਰੀ ਬਿੰਦਰਾ ਨੇ ਨੌਜਵਾਨਾਂ ਨੂੰ ਅੱਗੇ ਆਉਣ ਅਤੇ ਸੂਬੇ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਪ੍ਰੇਰਿਤ ਕੀਤਾ।