ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਅਗਸਤ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਕੇਟ ਲਰਨਿੰਗ ਦੇ ਸਹਿਯੋਗ ਨਾਲ ਸ਼ੁਰੂਆਤੀ ਬਚਪਨ ਦੀ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਲਈ ਪ੍ਰੋਗਰਾਮ ‘ਆਰੰਭ’ ਦੀ ਸ਼ੁਰੂਆਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਪਹਿਲਕਦਮੀ ਦਾ ਉਦੇਸ਼ 3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਲਈ ਸ਼ੁਰੂਆਤੀ ਬਚਪਨ ਦੀ ਸਿੱਖਿਆ ਨੂੰ ਬਦਲਣਾ ਹੈ। ਇਹ ਪ੍ਰੋਗਰਾਮ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਸਧਾਰਨ, ਖੇਡ-ਆਧਾਰਤ ਸਿੱਖਣ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਰ ਕੇ ਛੋਟੇ ਬੱਚਿਆਂ ਦੇ ਸੰਪੂਰਨ ਵਿਕਾਸ ’ਤੇ ਕੇਂਦਰਿਤ ਕਰਦਾ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਹ ਪਹਿਲਕਦਮੀ ਰਾਸ਼ਟਰੀ ਸਿੱਖਿਆ ਨੀਤੀ 2020, ਆਧਾਰਸ਼ਿਲਾ ਅਤੇ ਰਾਜ ਦੇ ਪਾਠਕ੍ਰਮ ਢਾਂਚੇ ਨਾਲ ਮੇਲ ਖਾਂਦੀ ਹੈ। ਡਿਪਟੀ ਕਮਿਸ਼ਨਰ ਸਾਹਨੀ ਨੇ ਕਿਹਾ ਕਿ ਰਾਕੇਟ ਲਰਨਿੰਗ, ਬੁਨਿਆਦੀ ਅਤੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਨੂੰ ਸਮਰਪਿਤ ਇੱਕ ਸਮਾਜਿਕ ਉੱਦਮ ਹੈ। ਇਸ ਨਾਲ 100,000 ਤੋਂ ਵੱਧ ਆਂਗਣਵਾੜੀਆਂ ਅਤੇ ਪ੍ਰੀ-ਪ੍ਰਾਇਮਰੀ ਸਕੂਲਾਂ ਵਿੱਚ 2 ਮਿਲੀਅਨ ਤੋਂ ਵੱਧ ਬੱਚਿਆਂ ਨੂੰ ਪ੍ਰਭਾਵਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਬੁਨਿਆਦੀ ਪਹਿਲਕਦਮੀ ਜ਼ਿਲ੍ਹਾ ਲੁਧਿਆਣਾ ਦੇ ਸਾਰੇ ਬੱਚਿਆਂ ਲਈ ਬਰਾਬਰ ਵਿੱਦਿਅਕ ਬੁਨਿਆਦ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ।