ਪੱਤਰ ਪ੍ਰੇਰਕ
ਮਾਛੀਵਾੜਾ, 20 ਜਨਵਰੀ
ਸਥਾਨਕ ਸ਼ਹਿਰ ਵਿਚ ਜਮੀਨਦੋਜ਼ ਪਾਈਪਾਂ ਰਾਹੀਂ ਘਰੇਲੂ ਗੈਸ ਦੀ ਸਪਲਾਈ ਸ਼ੁਰੂ ਹੋ ਚੁੱਕੀ ਹੈ ਜਿਸ ਦਾ ਉਦਘਾਟਨ ਅੱਜ ਐੱਸਡੀਐੱਮ ਸਮਰਾਲਾ ਵਿਕਰਮਜੀਤ ਸਿੰਘ ਪਾਂਥੇ ਨੇ ਕੀਤਾ। ਉਨ੍ਹਾਂ ਅੱਜ ਮਾਛੀਵਾੜਾ ਦੇ ਨਿਊ ਹਰਗੋਬਿੰਦ ਨਗਰ ਵਿੱਚ ‘ਥਿੰਕ ਗੈਸ’ ਕੰਪਨੀ ਵੱਲੋਂ ਸਰਬਜੀਤ ਕੌਰ ਅਤੇ ਤਰਸੇਮ ਲਾਲ ਦੇ ਗ੍ਰਹਿ ਵਿੱਚ ਘਰੇਲੂ ਗੈਸ ਸਪਲਾਈ ਦਾ ਨਵਾਂ ਕੁਨੈਕਸ਼ਨ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਐੱਸਡੀਐੱਮ ਵਿਕਰਮਜੀਤ ਪਾਂਥੇ ਨੇ ਕਿਹਾ ਕਿ ਜਮੀਨਦੋਜ਼ ਪਾਈਪਾਂ ਰਾਹੀਂ ਘਰੇਲੂ ਗੈਸ ਸਪਲਾਈ ਮਿਲਣ ਕਾਰਨ ਲੋਕਾਂ ਨੂੰ ਸਿਲੰਡਰਾਂ ਤੋਂ ਨਿਜ਼ਾਤ ਮਿਲੇਗੀ। ਸਮਾਰੋਹ ’ਚ ਪੁੱਜੇ ਕੰਪਨੀ ਅਧਿਕਾਰੀ ਬ੍ਰਿਜੇਸ਼ ਸ਼ਰਮਾ ਨੇ ਦੱਸਿਆ ਕਿ ਜਮੀਨਦੋਜ਼ ਪਾਈਪਾਂ ਰਾਹੀਂ ਖਪਤਕਾਰਾਂ ਨੂੰ 24 ਘੰਟੇ ਨਿਰਵਿਘਨ ਗੈਸ ਦੀ ਸਪਲਾਈ ਮਿਲੇਗੀ ਅਤੇ ਹੁਣ ਇਸ ਦੀ ਅਦਾਇਗੀ ਗਾਹਕ ਮੀਟਰ ਵੱਲੋਂ ਦਰਸਾਏ ਯੂਨਿਟ ਅਨੁਸਾਰ ਆਨਲਾਈਨ ਕਰ ਸਕੇਗਾ। ਅਧਿਕਾਰੀਆਂ ਅਨੁਸਾਰ ਮਾਛੀਵਾੜਾ ਸ਼ਹਿਰ ’ਚ ਪਹਿਲੇ ਪੜਾਅ ਤਹਿਤ 1400 ਘਰਾਂ ਨੂੰ ਜਮੀਨਦੋਜ਼ ਗੈਸ ਪਾਈਪ ਲਾਈਨ ਰਾਹੀਂ ਜੋੜਿਆ ਜਾਵੇਗਾ। ਇਸ ਮੌਕੇ ਸੰਜੇ ਸ਼ਰਮਾ, ਜੌਨੀ ਸ਼ਰਮਾ, ਵਿਨੀਤ ਕੁਮਾਰ, ਮਾਲੇ ਸਿੰਘ, ਪਿਯੂਸ਼ ਬੋਡਾਰਾ ਵੀ ਮੌਜੂਦ ਸਨ।