ਗੁਰਿੰਦਰ ਸਿੰਘ
ਲੁਧਿਆਣਾ, 5 ਮਾਰਚ
ਸਟੀਲ ਅਤੇ ਲੋਹਾ ਵਪਾਰੀਆਂ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਰੋਜ਼ਾਨਾ ਵੱਧ ਰਹੀਆਂ ਸਟੀਲ ਕੀਮਤਾਂ ਦੇ ਰੋਸ ਵਜੋਂ ਅੱਜ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਹੈ ਕਿ ਜੇ 7 ਦਿਨਾਂ ਵਿੱਚ ਕੀਮਤਾਂ ਨਾ ਘਟਾਈਆਂ ਗਈਆਂ ਤਾਂ ਸਨਅਤੀ ਜਥੇਬੰਦੀਆਂ ਇਸ ਖ਼ਿਲਾਫ਼ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਨਗੀਆਂ ਅਤੇ ਸਨਅਤਾਂ ਵੱਲੋਂ ਸਟੀਲ ਦੀ ਖਰੀਦ ਬੰਦ ਕੀਤੀ ਜਾਵੇਗੀ। ਅੱਜ ਗਿੱਲ ਰੋਡ ਵਿੱੱਚ ਕੀਤੇ ਗਏ ਮੁਜ਼ਾਹਰੇ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨਰਿੰਦਰ ਭੰਵਰਾ, ਬਦੀਸ਼ ਜਿੰਦਲ, ਰਾਜ ਕੁਮਾਰ ਸਿੰਗਲਾ, ਨਵੀਨ ਗੁਪਤਾ, ਪੰਕਜ ਅਗਰਵਾਲ, ਰਾਜੇਸ਼ ਸੋਨੀ, ਕਰਨ ਲਾਂਬਾ ਅਤੇ ਰਛਪਾਲ ਭਾਂਬਰਾ ਨੇ ਕਿਹਾ ਕਿ ਸਟੀਲ ਦੀਆਂ ਵੱਧ ਰਹੀਆਂ ਕੀਮਤਾਂ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਸਰਕਾਰ ਵੱਧ ਰਹੀਆਂ ਕੀਮਤਾਂ ਲਈ ਰੂਸ-ਯੂਕਰੇਨ ਜੰਗ ਨੂੰ ਜ਼ਿੰਮੇਵਾਰ ਦੱਸ ਰਹੀ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਤੋਂ ਤੇਲ ਅਤੇ ਤੇਲ ਉਤਪਾਦ ਬਰਾਮਦ ਕੀਤੇ ਜਾਂਦੇ ਹਨ, ਜਦਕਿ ਜੰਗ ਦਾ ਸਟੀਲ ਕੀਮਤਾਂ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਸਟੀਲ ਉਤਪਾਦਕਾਂ ਵੱਲੋਂ ਸਰਕਾਰ ਦੀ ਮਿਲੀਭੁਗਤ ਨਾਲ ਸਟੀਲ ਦੀ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਦਯੋਗਾਂ ਦਾ ਮਾਰਜ਼ਨ ਸਿਰਫ਼ 5 ਫ਼ੀਸਦੀ ਤੋਂ ਉੱਪਰ ਨਹੀਂ ਹੈ, ਇਸ ਲਈ ਅਜਿਹੇ ਹਾਲਾਤ ਵਿੱਚ ਉਦਯੋਗਾਂ ਦੁਆਰਾ 25 ਫ਼ੀਸਦੀ ਦੇ ਵਾਧੇ ਨੂੰ ਸਹਿਣ ਕਰਨਾ ਮੁਸ਼ਕਲ ਹੈ ਅਤੇ ਜੇ ਇਹੀ ਹਾਲਾਤ ਰਹਿੰਦੇ ਹਨ ਤਾਂ ਉਦਯੋਗਾਂ ਨੂੰ ਆਪਣੇ ਉਤਪਾਦਨ ਬੰਦ ਕਰਨੇ ਪੈਣਗੇ। ਇਸ ਮੌਕੇ ਪੰਕਜ ਅਗਰਵਾਲ, ਜੀਵਨ ਸਿੰਗਲਾ, ਇਕਬਾਲ ਕਥੂਰੀਆ, ਸਰਬਜੀਤ ਸਿੰਘ, ਮਨੀਸ਼ ਸਿੰਗਲਾ, ਅਵਤਾਰ ਕਥੂਰੀਆ ਅਤੇ ਰਾਜੇਸ਼ ਗੁਪਤਾ ਵੀ ਹਾਜ਼ਰ ਸਨ।