ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 10 ਅਪਰੈਲ
ਏਸ਼ੀਆ ਵਿੱਚ ਦੂਜੀ ਵੱਡੀ ਮੰਡੀ ਦਾ ਦਰਜਾ ਪ੍ਰਾਪਤ ਜਗਰਾਉਂ ’ਚ ਅਵਾਰਾ ਤੇ ਬੇਸਹਾਰਾ ਪਸ਼ੂ ਵੱਡੀ ਸਿਰਦਰਦੀ ਬਣੇ ਹੋਏ ਹਨ। ਹਾੜ੍ਹੀ ਤੇ ਸਾਉਣੀ ਦੇ ਸੀਜ਼ਨ ਮੁੱਕਣ ’ਤੇ ਇਹ ਪਸ਼ੂ ਆਮ ਹੀ ਨਵੀਂ ਅਨਾਜ ਮੰਡੀ ’ਚ ਤੁਰਦੇ ਫਿਰਦੇ ਮਿਲ ਜਾਂਦੇ ਹਨ ਪਰ ਹੁਣ ਜਦੋਂ ਹਾੜ੍ਹੀ ਦੇ ਸੀਜ਼ਨ ਕਰਕੇ ਕਣਕ ਦੀ ਆਮਦ ਮੰਡੀ ’ਚ ਤੇਜ਼ ਹੋ ਗਈ ਹੈ ਤਾਂ ਇਹ ਸਮੱਸਿਆ ਹੱਲ ਨਾ ਹੋਣ ਕਰਕੇ ਕਿਸਾਨਾਂ, ਆੜ੍ਹਤੀਆਂ ਤੇ ਗੱਲਾ ਮਜ਼ਦੂਰਾਂ ਲਈ ਪ੍ਰੇਸ਼ਾਨੀ ਖੜ੍ਹੀ ਹੋ ਰਹੀ ਹੈ। ਅਨਾਜ ਮੰਡੀ ਦੇ ਅੰਦਰ ਹੀ ਸਬਜ਼ੀ ਮੰਡੀ ਦਾ ਹੋਣਾ ਵੀ ਇਨ੍ਹਾਂ ਪਸ਼ੂਆਂ ਦਾ ਉਥੇ ‘ਕਾਬਜ਼’ ਰਹਿਣਾ ਪ੍ਰਮੁੱਖ ਕਾਰਨ ਹੈ। ਦੂਜਾ ਖੁੱਲ੍ਹੀ ਥਾਂ ਅਤੇ ਧੁੱਪ ਆਦਿ ਤੋਂ ਸ਼ੈੱਡਾਂ ਹੇਠ ਠਹਿਰਨ ਦੀ ਥਾਂ ਕਰਕੇ ਇਨ੍ਹਾਂ ਪਸ਼ੂਆਂ ਨੂੰ ਮੰਡੀ ’ਚੋਂ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ। ਕਈ ਵਾਰ ਮਾਰਕੀਟ ਕਮੇਟੀ ਦੇ ਮੁਲਾਜ਼ਮ ਤੇ ਮਜ਼ਦੂਰ ਡੰਡੇ ਲੈ ਕੇ ਇਨ੍ਹਾਂ ਨੂੰ ਮੰਡੀ ਦੇ ਗੇਟ ’ਚੋਂ ਬਾਹਰ ਕੱਢ ਵੀ ਆਉਂਦੇ ਹਨ ਪਰ ਇਨ੍ਹਾਂ ਦੀ ਗਿਣਤੀ ਹੀ ਇੰਨੀ ਜ਼ਿਆਦਾ ਹੈ ਕਿ ਦੂਜੇ ਗੇਟ ’ਚੋਂ ਹੋਰ ਪਸ਼ੂ ਆ ਵੜਦੇ ਹਨ। ਕਣਕ ਦੀਆਂ ਢੇਰੀਆਂ ਵਿੱਚ ਇਹ ਪਸ਼ੂ ਮੂੰਹ ਮਾਰਦੇ ਰਹਿੰਦੇ ਹਨ, ਜਿਸ ਕਰਕੇ ਫਸਲ ਲਈ ਇਹ ਵੱਧ ਘਾਤਕ ਸਿੱਧ ਹੁੰਦੇ ਹਨ। ਆੜ੍ਹਤੀ ਦੀਦਾਰ ਸਿੰਘ, ਪਰਮਜੀਤ ਸਿੰਘ ਪੰਮਾ ਤੇ ਪ੍ਰਧਾਨ ਕਨ੍ਹੱਈਆ ਲਾਲ ਬਾਂਕਾ ਨੇ ਕਿਹਾ ਕਿ ਆੜ੍ਹਤੀ ਆਪਣੀ ਲੇਬਰ ਤੋਂ ਇਨ੍ਹਾਂ ਪਸ਼ੂਆਂ ਤੋਂ ਕਣਕ ਦਾ ਬਚਾਅ ਕਰਦੇ ਹਨ। ਗੱਲਾ ਮਜ਼ਦੂਰ ਯੂਨੀਅਨ ਦੇ ਆਗੂ ਰਾਜਪਾਲ ਪਾਲਾ ਤੇ ਕੁਲਦੀਪ ਸਿੰਘ ਸਹੋਤਾ ਦਾ ਕਹਿਣਾ ਸੀ ਕਿ ਸੀਜ਼ਨ ’ਚ ਉਨ੍ਹਾਂ ਦਾ ਕਾਫੀ ਸਮਾਂ ਇਨ੍ਹਾਂ ਪਸ਼ੂਆਂ ਨੂੰ ਭਜਾਉਣ ਤੇ ਫ਼ਸਲ ਬਚਾਉਣ ’ਚ ਲੰਘਦਾ ਹੈ।
ਕੀ ਕਹਿੰਦੇ ਨੇ ਵਿਧਾਇਕ ਤੇ ਅਧਿਕਾਰੀ
ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਸੰਪਰਕ ਕਰਨ ’ਤੇ ਕਿਹਾ ਕਿ ਸਮੱਸਿਆ ਉਨ੍ਹਾਂ ਦੇ ਧਿਆਨ ’ਚ ਆਈ ਹੈ, ਜਿਸ ਬਾਰੇ ਉਹ ਐੱਸਡੀਐੱਮ ਅਤੇ ਮਾਰਕੀਟ ਕਮੇਟੀ ਅਧਿਕਾਰੀਆਂ ਨਾਲ ਗੱਲ ਕਰਕੇ ਪੱਕੇ ਹੱਲ ਲਈ ਕਹਿਣਗੇ। ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਮੰਨਿਆ ਕਿ ਇਹ ਪੁਰਾਣੀ ਸਮੱਸਿਆ ਹੈ, ਜੋ ਕਣਕ ਦੇ ਸੀਜ਼ਨ ’ਚ ਵੱਡੀ ਸਿਰਦਰਦੀ ਬਣਦੀ ਹੈ। ਸੈਕਟਰੀ ਕਮਲਪ੍ਰੀਤ ਸਿੰਘ ਕਲਸੀ ਦਾ ਕਹਿਣਾ ਸੀ ਕਿ ਇਨ੍ਹਾਂ ਪਸ਼ੂਆਂ ਨੂੰ ਮੰਡੀ ’ਚੋਂ ਬਾਹਰ ਕਰਨ ਲਈ ਕੁਝ ਮੁਲਾਜ਼ਮਾਂ ਦੀ ਪੱਕੀ ਡਿਊਟੀ ਲਾਈ ਹੋਈ ਹੈ, ਜੋ ਸਮੇਂ-ਸਮੇਂ ’ਤੇ ਇਨ੍ਹਾਂ ਨੂੰ ਬਾਹਰ ਵੀ ਕੱਢਦੇ ਹਨ ਪਰ ਇਹ ਪਸ਼ੂ ਦੁਬਾਰਾ ਅੰਦਰ ਆ ਜਾਂਦੇ ਹਨ।