ਦੇਵਿੰਦਰ ਸਿੰਘ ਜੱਗੀ
ਪਾਇਲ, 3 ਜੂਨ
ਮੁੱਖ ਅੰਸ਼
- ਧਮੋਟ ਕਲਾਂ ਦੇ ਕਿਸਾਨ ਨੂੰ ਦਿੱਤਾ ਕਾਰਨ ਦੱਸੋ ਨੋਟਿਸ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੋਰਾਹਾ ਦੀ ਟੀਮ ਵੱਲੋਂ ਬਲਾਕ ਖੇਤੀਬਾੜੀ ਅਫਸਰ ਡਾ. ਰਜਿੰਦਰਪਾਲ ਸਿੰਘ ਔਲਖ ਦੀ ਅਗਵਾਈ ਵਿੱਚ ਝੋਨੇ ਦੀ ਅਗੇਤੀ ਲੁਆਈ ਨੂੰ ਰੋਕਣ ਸਬੰਧੀ ਬਲਾਕ ਦੇ ਪਿੰਡ ਕੱਦੋਂ, ਸ਼ਾਹਪੁਰ, ਰਾਣੋ, ਧਮੋਟ ਖੁਰਦ, ਪਾਇਲ, ਘੁਡਾਣੀ ਖੁਰਦ ਅਤੇ ਜੱਲ੍ਹਾ ਆਦਿ ਪਿੰਡਾਂ ਦਾ ਵਿਆਪਕ ਦੌਰਾ ਕੀਤਾ ਗਿਆ। ਪਿੰਡ ਜੱਲ੍ਹਾ ਵਿੱਚ ਕਿਸਾਨ ਸਤਵੀਰ ਸਿੰਘ ਵੱਲੋਂ ਅਗੇਤੀ ਝੋਨੇ ਦੀ ਲਵਾਈ ਸ਼ਰੂ ਕੀਤੀ ਗਈ ਸੀ ਜਿਸ ਨੂੰ ਮੌਕੇ ’ਤੇ ਜਾ ਕੇ ਸਮਝਾਇਆ ਗਿਆ। ਕਿਸਾਨ ਵੱਲੋਂ ਮਹਿਕਮੇ ਦੀ ਹਾਜ਼ਰੀ ਵਿੱਚ ਹੀ ਲੱਗਿਆ ਝੋਨਾ ਵਾਹਿਆ ਗਿਆ ਅਤੇ 10 ਜੂਨ ਤੋਂ ਝੋਨਾ ਲਾਉਣ ਦਾ ਵਾਅਦਾ ਕੀਤਾ ਗਿਆ। ਪਿੰਡ ਧਮੋਟ ਖੁਰਦ ਵਿੱਚ ਸੋਹਣ ਸਿੰਘ ਦੇ ਖੇਤਾਂ ਵਿੱਚ ਵੀ ਕੱਦੂ ਕਰਨ ਲਈ ਪਾਣੀ ਛੱਡਿਆ ਹੋਇਆ ਸੀ, ਜਿਸ ਨੂੰ ਮੌਕੇ ’ਤੇ ਹੀ ਰੋਕਿਆ ਗਿਆ। ਪਿੰਡ ਧਮੋਟ ਕਲਾਂ ਦੇ ਕਿਸਾਨ ਇਕਬਾਲ ਸਿੰਘ ਨੂੰ ਅਗੇਤਾ ਝੋਨਾ ਲਗਾਉਣ ਸਬੰਧੀ ਖੇਤੀਬਾੜੀ ਮਹਿਕਮੇ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਡਾ. ਇਕਬਾਲਜੀਤ ਸਿੰਘ ਬੈਨੀਪਾਲ, ਡਾ.ਨਿਰਮਲ ਸਿੰਘ ਘਲੋਟੀ. ਡਾ. ਬੂਟਾ ਸਿੰਘ, ਸ਼ਮਸਾਦ ਅਲੀ, ਕੁਲਵਿੰਦਰ ਸਿੰਘ ਹਾਜ਼ਰ ਸੀ।
10 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਦੀ ਅਪੀਲ
ਤਬਲਾਕ ਖੇਤੀਬਾੜੀ ਅਫਸਰ ਡਾ. ਜਸਵਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਝੋਨੇ ਦੀ ਅਗੇਤੀ ਲੁਆਈ ਨੂੰ ਰੋਕਣ ਸਬੰਧੀ ਬਲਾਕ ਦੇ ਪਿੰਡਾਂ ਦਾ ਵਿਆਪਕ ਦੌਰਾ ਕੀਤਾ ਗਿਆ ਤੇ ਕਿਸਾਨਾਂ ਨੂੰ 10 ਜੂਨ ਤੋਂ ਹੀ ਝੋਨਾ ਲਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸੇ ਦੌਰਾਨ ਪਿੰਡ ਐਤੀਆਣਾ ਦੇ ਕਿਸਾਨ ਬਲਵਿੰਦਰ ਸਿੰਘ ਅਤੇ ਪਿੰਡ ਝੋਰੜਾਂ ਦੇ ਕਿਸਾਨ ਜਰਨੈਲ ਸਿੰਘ ਵਲੋਂ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਝੋਨੇ ਦੀ ਅਗੇਤੀ ਲਵਾਈ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਮੌਕੇ ਤੇ ਜਾ ਕੇ ਸਮਝਾਇਆ ਗਿਆ ਤੇ ਅਗੇਤਾ ਲੱਗਿਆ ਝੋਨਾ ਵਾਹਿਆ ਗਿਆ। ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਜੀਤ ਕੌਰ, ਖੇਤੀਬਾੜੀ ਵਿਸਥਾਰ ਅਫਸਰ ਰਵਿੰਦਰ ਕੁਮਾਰ, ਖੇਤੀਬਾੜੀ ਸਬ ਇੰਸਪੈਕਟਰ ਹਰਜੀਤ ਸਿੰਘ ਹਾਜ਼ਰ ਸਨ।
ਖੇਤੀਬਾੜੀ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਚਿਤਾਵਨੀ
ਗੁਰੂਸਰ ਸੁਧਾਰ (ਸੰਤੋਖ ਗਿੱਲ): ਪਿੰਡ ਐਤੀਆਣਾ ਦੇ ਕਿਸਾਨ ਬਲਵਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਵੱਲੋਂ ਝੋਨਾ ਬੀਜਣ ਦਾ ਸਖ਼ਤ ਨੋਟਿਸ ਲੈਂਦਿਆਂ ਖੇਤੀਬਾੜੀ ਅਫ਼ਸਰ ਡਾਕਟਰ ਜਸਵਿੰਦਰ ਸਿੰਘ ਬਰਾੜ ਨੇ ਖ਼ੁਦ ਕੋਲ ਖੜ੍ਹ ਕੇ ਡੇਢ ਏਕੜ ਜ਼ਮੀਨ ਵਿਚ ਬੀਜਿਆ ਝੋਨਾ ਵਾਹ ਦਿੱਤਾ। ਕਿਸਾਨ ਬਲਵਿੰਦਰ ਸਿੰਘ ਨੇ ਲਿਖਤੀ ਮੁਆਫ਼ੀ ਮੰਗ ਕੇ ਖਹਿੜਾ ਛੁਡਵਾਇਆ ਅਤੇ ਆਪਣੇ ਹੱਥੀਂ ਝੋਨਾ ਵਾਹ ਦਿੱਤਾ। ਖੇਤੀ ਵਿਸਥਾਰ ਅਫ਼ਸਰ ਰਵਿੰਦਰ ਕੁਮਾਰ ਤੋਂ ਇਲਾਵਾ ਅਮਨਦੀਪ ਸਿੰਘ ਅਤੇ ਗੁਰਬੀਰ ਸਿੰਘ ਸਹਾਇਕ ਤਕਨੀਕੀ ਮੈਨੇਜਰਾਂ ਦੀ ਇਸ ਸਾਰੀ ਕਾਰਵਾਈ ਦੀ ਵੀਡੀਓਗਰਾਫੀ ਵੀ ਕੀਤੀ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲੇ ਕਿਸਾਨ ਜੇ ਝੋਨਾ ਖ਼ੁਦ ਨਹੀਂ ਵਾਹੁਣਗੇ ਤਾਂ ਇਸ ਦਾ ਖਰਚਾ ਵੀ ਕਿਸਾਨ ਤੋਂ ਵਸੂਲਿਆ ਜਾਵੇਗਾ ਅਤੇ ਕੇਸ ਵੀ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਵਲ ਸਿੱਧੀ ਬਿਜਾਈ ਹੀ 10 ਜੂਨ ਤੋਂ ਪਹਿਲਾਂ ਕਰਨ ਦੀ ਆਗਿਆ ਹੈ।
ਪਰਵਾਸੀ ਮਜ਼ਦੂਰਾਂ ਦੀ ਉਡੀਕ
ਸਮਰਾਲਾ (ਡੀਪੀਐੱਸ ਬੱਤਰਾ): ਇਲਾਕੇ ਦੇ ਬਹੁਤ ਸਾਰੇ ਅਗਾਂਹਵਧੂ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਜ਼ਦੂਰਾਂ ਦੀ ਘਾਟ ਕਾਰਨ ਭਾਵੇ ਝੋਨੇ ਦੀ ਸਿੱਧੀ ਬਿਜਾਈ ਲਈ ਪੂਰੀ ਤਿਆਰੀ ਤਾਂ ਕਰ ਲਈ ਗਈ ਹੈ, ਪਰ ਮਹਿੰਗੀ ਮਸ਼ੀਨਰੀ ਅਤੇ ਲਵਾਈ ਲਈ ਮਸ਼ੀਨਾਂ ਦੀ ਵੱਡੀ ਥੁੜ੍ਹ ਨੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ। ਇਸ ਲਈ ਬਹੁਗਿਣਤੀ ਕਿਸਾਨਾਂ ਨੂੰ ਹਾਲੇ ਵੀ ਇਹੀ ਉਮੀਦ ਹੈ, ਕਿ ਟ੍ਰੇਨਾਂ ਸ਼ੁਰੂ ਹੋ ਜਾਣ ’ਤੇ ਆਪਣੇ-ਆਪਣੇ ਪਿੱਤਰੀ ਰਾਜਾਂ ਨੂੰ ਗਏ ਮਜ਼ਦੂਰ ਝੋਨੇ ਦੀ ਲੁਆਈ ਲਈ ਜ਼ਰੂਰ ਵਾਪਸ ਆਉਣਗੇ। ਇਸ ਲਈ ਬਹੁਤੇ ਕਿਸਾਨਾਂ ਨੇ ਵਾਧੂ ਖਰਚ ਕਰਦੇ ਹੋਏ ਇਸੇ ਤਾਂਘ ਵਿੱਚ ਝੋਨੇ ਦੀ ਪਨੀਰੀ ਵੀ ਲੱਗਾ ਰੱਖੀ ਹੈ। ਉਧਰ ਸਮਰਾਲਾ ਦੇ ਖੇਤੀਬਾੜੀ ਅਫ਼ਸਰ ਡਾ. ਰੰਗੀਲ ਸਿੰਘ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਸੰਦੀਪ ਸਿੰਘ ਨੇ ਕਿਹਾ ਕਿ ਸਿੱਧੀ ਬਿਜਾਈ ਨਾਲ ਜਿੱਥੇ ਕਿਸਾਨਾਂ ਦੀ ਬਿਜਾਈ ਦੀ ਲਾਗਤ ‘ਚ ਬੱਚਤ ਹੋਵੇਗੀ, ਉਥੇ ਪਾਣੀ ਦੀ ਵੀ ਬੱਚਤ ਹੋਵੇਗੀ।