ਗਗਨਦੀਪ ਅਰੋੜਾ
ਲੁਧਿਆਣਾ, 10 ਮਈ
ਮੁਹਾਲੀ ਵਿੱਚ ਪੁਲੀਸ ਦੇ ਇੰਟੈਲੀਜੈਂਸ ਵਿੰਗ ਹੈੱਡਕੁਆਰਟਰ ’ਚ ਸੋਮਵਾਰ ਦੇਰ ਰਾਤ ਹੋਏ ਧਮਾਕੇ ਤੋਂ ਬਾਅਦ ਅੱਜ ਸ਼ਹਿਰ ਦੇ ਫਿਰੋਜ਼ਪੁਰ ਰੋਡ ਸਥਿਤ ਇੱਕ ਪੈਲੇਸ ’ਚ ਮੁੱਖ ਮੰਤਰੀ ਦੇ ਰੱਖੇ ਗਏ ਸਮਾਗਮ ’ਚ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਮੈਰਿਜ ਪੈਲੇਸ ’ਚ ਸੂਬੇ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਕਰਨੀ ਸੀ। ਸੁਰੱਖਿਆ ਦੇ ਪ੍ਰਬੰਧ ਇਸ ਕਦਰ ਸਖਤ ਸਨ ਕਿ ਸਾਹਮਣੇ ਸਕੂਲ ’ਚ ਬਣਾਏ ਗਏ ਹੈਲੀਪੈਡ ਤੋਂ ਪੈਲੇਸ ਤੱਕ ਆਉਣ ਦੌਰਾਨ ਜਿੱਥੇ ਦੋਵੇਂ ਪਾਸੇ ਦੀ ਟਰੈਫਿਕ ਰੋਕ ਦਿੱਤੀ ਗਈ, ਉਥੇ ਹੀ ਮਹਿਲਾ ਅਧਿਆਪਕਾਂ ਦੇ ਪਰਸ ਤੱਕ ਵੀ ਪੈਲੇਸ ਤੋਂ ਬਾਹਰ ਰਖਵਾ ਦਿੱਤੇ ਗਏ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਜਾਨੋ ਮਾਰਨ ਦੀ ਧਮਕੀ ਮਿਲ ਚੁੱਕੀ ਹੈ। ਜਿਸ ਤੋਂ ਬਾਅਦ ਹਰਿਆਣਾ ਦੇ ਕਰਨਾਲ ’ਚ ਵਿਸਫੋਟਕ ਸਮਗੱਰੀ ਦੇ ਨਾਲ ਚਾਰ ਅਤਿਵਾਦੀਆਂ ਨੂੰ ਫੜ੍ਹਿਆ ਗਿਆ ਤੇ ਸੋਮਵਾਰ ਦੀ ਦੇਰ ਰਾਤ ਨੂੰ ਮੁਹਾਲੀ ’ਚ ਧਮਾਕੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ’ਚ ਅਚਾਨਕ ਵਾਧਾ ਕਰ ਦਿੱਤਾ ਗਿਆ। ਸੋਮਵਾਰ ਦੇਰ ਸ਼ਾਮ ਤੋਂ ਹੀ ਪੰਜਾਬ ਦੇ ਡੀਜੀਪੀ ਵੀ.ਕੇ. ਭਾਂਵਰਾ ਸ਼ਹਿਰ ’ਚ ਹੀ ਮੌਜੂਦ ਸਨ। ਉਨ੍ਹਾਂ ਆਪਣੀ ਨਿਗਰਾਨੀ ’ਚ ਸੁਰੱਖਿਆ ਪ੍ਰਬੰਧ ਸਖਤ ਕੀਤੇ, ਪਰ ਦੇਰ ਰਾਤ ਨੂੰ ਧਮਾਕੇ ਤੋਂ ਬਾਅਦ ਅਚਾਨਕ ’ਚ ਸ਼ਹਿਰ ਦੀਆਂ ਸੜਕਾਂ ’ਤੇ ਅਚਾਨਕ ਅਧਿਕਾਰੀ ਸਰਗਰਮ ਨਜ਼ਰ ਆਏ। ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਖੁਦ ਸੜਕਾਂ ’ਤੇ ਸੁਰੱਖਿਆ ਪ੍ਰਬੰਧ ਚੈਕ ਕਰਦੇ ਨਜ਼ਰ ਆਏ। ਅੱਜ ਸਮਾਗਮ ’ਚ ਸ਼ਾਮਲ ਹੋਣ ਲਈ ਜਿਵੇਂ ਹੀ ਮਹਿਲਾ ਪ੍ਰਿੰਸੀਪਲ ਉਥੇ ਪੁੱਜੀਆਂ ਤਾਂ ਸੁਰੱਖਿਆ ਅਮਲੇ ਵੱਲੋਂ ਉਨ੍ਹਾਂ ਦੇ ਹੈਂਡ ਬੈਗ/ ਪਰਸ ਬਾਹਰ ਰਖਵਾ ਦਿੱਤੇ ਗਏ। ਅਧਿਆਪਕ ਹਾਲ ’ਚ ਜਾਣ ਲੱਗੇ ਤਾਂ ਉਨ੍ਹਾਂ ਨੂੰ ਰਸਤੇ ’ਚ ਰੋਕ ਲਿਆ ਗਿਆ ਅਤੇ ਉਨ੍ਹਾਂ ਦੇ ਗਹਿਣਿਆਂ ਚੈਕਿੰਗ ਕਰਦਿਆਂ ਆਪਣੇ ਬੈਗ ਬਾਹਰ ਰੱਖਣ ਲਈ ਆਖਿਆ ਗਿਆ। ਜਿਸ ’ਤੇ ਉਨ੍ਹਾਂ ਰੋਸ ਪ੍ਰਗਟਾਇਆ। ਅਧਿਆਪਕਾਂਵਾਂ ਮੁਤਾਬਕ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਪਰਸ ਜਾਂ ਤਾਂ ਬੱਸ ’ਚ ਰੱਖ ਆਉਣ ਜਾਂ ਫਿਰ ਢਾਬੇ ’ਤੇ ਹੀ ਛੱਡ ਆਉਣ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਪੈਸੇ ਹੱਥ ’ਚ ਫੜ੍ਹ ਕੇ ਪਰਸ ਬਾਹਰ ਰੱਖਣੇ ਪਏ ਹਨ।
ਮੁੱਖ ਮੰਤਰੀ ਨੂੰ ਮਿਲਣ ਪੁੱਜੀ ਜਬਰ-ਜਨਾਹ ਪੀੜਤਾ
ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ਼ ਜਬਰ-ਜਨਾਹ ਦਾ ਕੇਸ ਦਰਜ ਕਰਵਾਉਣ ਵਾਲੀ ਔਰਤ ਅੱਜ ਫਿਰ ਮੁੱਖ ਮੰਤਰੀ ਨੂੰ ਮਿਲਣ ਲਈ ਰਿਜ਼ੌਰਟ ਦੇ ਬਾਹਰ ਪੁੱਜ ਗਈ। ਮੁੱਖ ਮੰਤਰੀ ਇਸ ਤੋਂ ਪਹਿਲਾਂ ਲੰਘੀ 5 ਮਈ ਨੂੰ ਲੁਧਿਆਣਾ ਪੁੱਜੇ ਸਨ, ਜਿਸ ਦੌਰਾਨ ਔਰਤ ਉਨ੍ਹਾਂ ਨੂੰ ਮਿਲਣ ਗਈ ਸੀ ਪਰ ਮੁੱਖ ਮੰਤਰੀ ਉਨ੍ਹਾਂ ਨੂੰ ਨਹੀਂ ਮਿਲੇ ਸਨ। ਪੀੜਤਾ ਦਾ ਕਹਿਣਾ ਹੈ ਕਿ ਕਾਂਗਰਸ ਦੀ ਸਰਕਾਰ ਦੌਰਾਨ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ‘ਸ਼ੈਲਟਰ’ ਮਿਲਦਾ ਰਿਹਾ ਹੈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਵੀ ਬੈਂਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ, ਜਦੋਂ ਕਿ ਅਦਾਲਤ ਵੱਲੋਂ ਉਸਨੂੰ ਭਗੌੜਾ ਐਲਾਨਿਆ ਜਾ ਚੁੱਕਿਆ ਹੈ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਪੀੜਤਾ ਨੂੰ ਸਮਝਾ ਕੇ ਉਥੋਂ ਵਾਪਸ ਭੇਜਿਆ।
ਫ਼ਰਿਆਦ: ਪੁਲੀਸ ਖ਼ਿਲਾਫ਼ ਮੁੱਖ ਮੰਤਰੀ ਦਰਬਾਰ ਪੁੱਜਿਆ ਪੀੜਤ ਪਰਿਵਾਰ
ਲੁਧਿਆਣਾ (ਟਨਸ): ਲੜਕੀ ਦੀ ਅਸ਼ਲੀਲ ਫੋਟੋ ਦਿਖਾ ਕੇ ਬਲੈਕਮੇਲ ਕਰਨ ਦੇ ਨਾਲ-ਨਾਲ ਕੁੱਟਮਾਰ ਕਰਨ ਦੇ ਮਾਮਲੇ ’ਚ ਪੁਲੀਸ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ’ਤੇ ਪੀੜਤ ਜਗਰਾਉਂ ਪੁਲੀਸ ਦੇ ਖਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਦੇ ਦਰਬਾਰ ਪੁੱਜ ਗਏ। ਜਗਰਾਉਂ ਦੇ ਪਿੰਡ ਪੱਬੀਆਂ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ’ਚ ਹੀ ਰਹਿੰਦੇ ਇੱਕ ਨੌਜਵਾਨ ਨੇ ਕੁਝ ਸਮਾਂ ਪਹਿਲਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਉਨ੍ਹਾਂ ਦੀ ਲੜਕੀ ਦੀ ਫੋਟੋ ਖਿੱਚ ਕੇ ਉਸ ਦੀ ਅਸ਼ਲੀਲ ਫੋਟੋ ਬਣਾ ਦਿੱਤੀ। ਮੁਲਜ਼ਮ ਨੇ ਫੋਟੋ ਨੂੰ ਸ਼ੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ। ਔਰਤ ਨੇ ਦੋਸ਼ ਲਾਇਆ ਮੁਲਜ਼ਮ ਉਨ੍ਹਾਂ ਦੀ ਲੜਕੀ ’ਤੇ ਸਰੀਰਕ ਸਬੰਧਾਂ ਲਈ ਦਬਾਅ ਬਣਾ ਰਿਹਾ ਹੈ। ਔਰਤ ਨੇ ਦੱਸਿਆ ਕਿ 8 ਮਈ ਨੂੰ ਮੁਲਜ਼ਮ ਉਨ੍ਹਾਂ ਦੇ ਘਰ ’ਚ ਆਇਆ ਅਤੇ ਪਰਿਵਾਰ ਨਾਲ ਕੁੱਟਮਾਰ ਕੀਤੀ ਤੇ ਬੁਰੀ ਤਰ੍ਹਾਂ ਜ਼ਖਮੀ ਕਰ ਫ਼ਰਾਰ ਹੋ ਗਿਆ। ਉਹ ਸਿਵਲ ਹਸਪਤਾਲ ’ਚ ਆਪਣੀ ਮੈਡੀਕਲ ਜਾਂਚ ਕਰਵਾਉਣ ਪੁੱਜੇ ਤਾਂ ਮੁਲਜ਼ਮ ਵੀ ਖੁਦ ਦੇ ਸੱਟਾਂ ਮਾਰ ਕੇ ਹਸਪਤਾਲ ’ਚ ਦਾਖਲ ਹੋ ਗਿਆ। ਚੌਕੀਮਾਨ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ, ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਲਟਾ ਉਨ੍ਹਾਂ ਦੇ ਬਿਆਨ ਵੀ ਖ਼ੁਦ ਹੀ ਲਿਖ ਦਿੱਤੇ ਤੇ ਦਸਤਖਤ ਕਰਨ ਲਈ ਦਬਾਅ ਪਾਇਆ ਗਿਆ, ਜਿਸ ਕਾਰਨ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਇਹ ਦੱਸਣ ਆਏ ਹਨ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਆਮ ਆਦਮੀ ਦਾ ਹੀ ਕੰਮ ਨਹੀਂ ਹੋ ਰਿਹਾ। ਡੀਐੱਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ’ਚ ਜਾਂਚ ਕਰ ਰਹੀ ਹੈ ਅਤੇ ਪੀੜਤ ਪਰਿਵਾਰ ਨੂੰ ਜਾਂਚ ਤੇ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ।