ਚਰਨਜੀਤ ਸਿੰਘ ਢਿੱਲੋਂ/ਜਸਬੀਰ ਸ਼ੇਤਰਾ
ਜਗਰਾਉਂ, 8 ਨਵੰਬਰ
ਇਥੋਂ ਦੀ ਪੁਰਾਣੀ ਸਬਜ਼ੀ ਮੰਡੀ ਨੇੜੇ ਨਗਰ ਕੌਂਸਲ ਦੀ ਮਾਲਕੀ ਵਾਲੀ ਥਾਂ ’ਤੇ ਕੂੱੜਾ ਸੁੱਟਣ ਅਤੇ ਸੈਕਰੀਗੇਸ਼ਨ ਕਰਨ ਦਾ ਕੰਮ ਸ਼ੁਰੂ ਹੋਣ ’ਤੇ ਦੋ ਦਿਨ ਪਹਿਲਾਂ ਹੋਏ ਵਿਵਾਦ ਮਗਰੋਂ ਅੱਜ ਨਗਰ ਕੌਂਸਲ ਸਫਾਈ ਮੁਲਾਜ਼ਮ ਅਤੇ ਦਫਤਰੀ ਅਮਲੇ ਨੇ ਮੁਕੰਮਲ ਹੜਤਾਲ ਕਰਕੇ ਨਗਰ ਕੌਂਸਲ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਆਰੰਭ ਦਿੱਤਾ ਹੈ।ਧਰਨਾਕਾਰੀਆਂ ਦੀ ਮੰਗ ਹੈ ਕਿ ਉਸ ਦਿਨ ਹੋਏ ਵਿਵਾਦ ਸਮੇਂ ਕੁੱਝ ਲੋਕਾਂ ਨੇ ਸਫਾਈ ਕਾਮਿਆਂ ਦੀ ਜਾਤੀ ਪ੍ਰਤੀ ਗਲਤ ਸ਼ਬਦ ਬੋਲੇ ਹਨ, ਜਦੋਂ ਤੱਕ ਇਸ ਖਿਲਾਫ ਢੁੱਕਵੀ ਕਾਰਵਾਈ ਨਹੀਂ ਹੁੰਦੀ ਤੇ ਨਗਰ ਕੌਂਸਲ ਪੱਕੇ ਡੰਪ ਦਾ ਪ੍ਰਬੰਧ ਨਹੀਂ ਕਰਦੀ ਉਦੋਂ ਤੱਕ ਕੰਮ ਸ਼ੁਰੂ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਜਾਂ ਕੌਂਸਲਰ ਆਪਣੇ-ਆਪਣੇ ਵਾਰਡਾਂ ਦਾ ਕੂੱੜਾ ਸੁੱਟਣ ਲਈ ਥਾਂ ਦਾ ਪ੍ਰਬੰਧ ਕਰਕੇ ਦੇਣ। ਉਨ੍ਹਾਂ ਆਖਿਆ ਕਿ ਹੋਈ ਵਧੀਕੀ ਖਿਲਾਫ ਉਨ੍ਹਾਂ ਨੇ ਕਾਰਜਸਾਧਕ ਅਫਸਰ ਨੂੰ ਲਿਖਤੀ ਸ਼ਿਕਾਇਤ ਕੀਤੀ ਹੋਈ ਹੈ ਅਤੇ ਉਨ੍ਹਾਂ ਨੇ ਖੁਦ ਯੂਨੀਅਨ ਪੱਧਰ ’ਤੇ ਸੀਨੀਅਰ ਪੁਲੀਸ ਕਪਤਾਨ ਨੂੰ ਵੀ ਜਾਣੂ ਕਰਵਾਇਆ ਸੀ ਪਰ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ।
ਜ਼ਿਕਰਯੋਗ ਹੈ ਕਿ ਨਗਰ ਕੌਂਸਲ ਵਿੱਚ ਸਫਾਈ ਕਰਨ ਲਈ ਮੌਜੂਦ ਅਧੁਨਿਕ ਮਸ਼ੀਨਰੀ ਨੂੰ ਟਰਾਇਲ ’ਤੇ ਲਿਜਾਣ ਦੇ ਮਾਮਲੇ ਵਿੱਚ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਸੀਵਰੇਜ ਵਿਭਾਗ ਦੇ ਦੋ ਕੱਚੇ ਮੁਲਾਜ਼ਮ ਅਤੇ ਇੱਕ ਪੱਕੇ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਅੱਜ ਸ਼ੁਰੂ ਹੋਈ ਹੜਤਾਲ ਮਗਰੋਂ ਕੂੱੜੇ ਦੀ ਸਮੱਸਿਆ ਹੁਣ ਹੋਰ ਵਿਗੜਨ ਦੇ ਆਸਾਰ ਬਣ ਗਏ ਹਨ। ਨਗਰ ਕੌਂਸਲ ਕੋਲ ਕੂੱੜੇ ਦਾ ਪ੍ਰਬੰਧਨ ਕਰਨ ਸਬੰਧੀ ਪੁਖਤਾ ਇੰਤਜ਼ਾਮ ਨਾ ਹੋਣ ਅਤੇ ਸ਼ਿਹਰ ਵਿੱਚ ਲੋੜ ਅਨੁਸਾਰ ਡੰਪ ਨਾ ਹੋਣ ਕਾਰਨ ਸਫਾਈ ਮੁਲਾਜ਼ਮਾਂ ਨੂੰ ਕੂੱੜੇ ਦੀ ਸੰਭਾਲ ਕਰਨ ਵਿੱਚ ਵੱਡੇ ਪੱਧਰ ’ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁੱਝ ਸਮਾਂ ਪਹਿਲਾਂ ਕੌਂਸਲ ਵੱਲੋਂ ਸ਼ਹਿਰ ਦਾ ਕੂੱੜਾ ਨੇੜਲੇ ਕੁਝ ਪਿੰਡਾਂ ਅਧੀਨ ਪੈਂਦੀ ਥਾਂ ਵਿੱਚ ਸੁੱਟਣਾ ਸ਼ੁਰੂ ਕੀਤਾ ਗਿਆ ਸੀ ਪਰ ਸਬੰਧਤ ਪਿੰਡਾਂ ਦੇ ਵਸਨੀਕਾਂ ਵੱਲੋਂ ਇਸ ਦਾ ਤਿੱਖਾ ਵਿਰੋਧ ਕਰਨ ਮਗਰੋਂ ਇਹ ਫ਼ੈਸਲਾ ਫੌਰੀ ਤੌਰ ’ਤੇ ਵਾਪਸ ਲੈ ਲਿਆ ਗਿਆ ਸੀ।
ਸਫ਼ਾਈ ਮੁਲਾਜ਼ਮਾਂ ਨੂੰ ਜਾਤੀ ਸੂਚਕ ਸ਼ਬਦ ਬੋਲਣਾ ਮੰਦਭਾਗਾ: ਕੌਂਸਲ ਪ੍ਰਧਾਨ
ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਸਫਾਈ ਕਾਮਿਆਂ ਨੂੰ ਸਿਆਸਤ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਜਦੋਂ ਦੇਸ਼ ਭਰ ਵਿੱਚ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਲੋਕ ਕਾਮਿਆਂ ਨੂੰ ਤੋਹਫੇ ਵੰਡਦੇ ਹਨ ਉਸ ਵੇਲੇ ਜਗਰਾਉਂ ਵਿੱਚ ਸਫ਼ਾਈ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ। ਇਸਤੋਂ ਇਲਾਵਾ ਜਾਤੀ ਸੂਚਕ ਸ਼ਬਦ ਬੋਲ ਕੇ ਸਫ਼ਾਈ ਮੁਲਾਜ਼ਮਾਂ ਦਾ ਦਿਲ ਦੁਖਾਇਆ ਗਿਆ ਹੈ। ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਸ੍ਰੀ ਰਾਣਾ ਨੇ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਦੀ ਉਹ ਪੁਰਜ਼ੋਰ ਨਿਖੇਧੀ ਕਰਦੇ ਹਨ।