ਗੁਰਿੰਦਰ ਸਿੰਘ
ਲੁਧਿਆਣਾ, 26 ਜੁਲਾਈ
ਬੈਸਟ ਪ੍ਰਾਈਸ ਸਟੋਰ ਦੇ ਮੁਲਾਜ਼ਮਾਂ ਵਲੋਂ ਮੰਗਾਂ ਦੇ ਹੱਕ ਵਿੱਚ ਮੁਕੰਮਲ ਹੜਤਾਲ ਕਰਕੇ ਸਟੋਰ ਬਾਹਰ ਰੋਸ ਧਰਨਾ ਦਿੱਤਾ ਗਿਆ। ਮੁਲਾਜ਼ਮ ਯੂਨੀਅਨ ਦੇ ਆਗੂ ਜਸਪ੍ਰੀਤ ਸਿੰਘ ਝੰਡੂਕੇ ਨੇ ਦੱਸਿਆ ਹੈ ਕਿ ਮੈਨੇਜਮੈਂਟ ਵੱਲੋਂ ਬਠਿੰਡਾ ਸਟੋਰ ਬੰਦ ਕਰ ਦਿੱਤਾ ਗਿਆ ਹੈ ਜਿਸ ਨਾਲ ਸੈਂਕੜੇ ਮੁਲਾਜ਼ਮ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਬੰਦ ਸਟੋਰ ਨੂੰ ਮੁੜ ਚਾਲੂ ਕੀਤਾ ਜਾਵੇ। ਜੇਕਰ ਇਹ ਚਾਲੂ ਨਹੀਂ ਕੀਤਾ ਜਾ ਸਕਦਾ ਤਾਂ ਵਿਹਲੇ ਹੋਏ ਮੁਲਾਜ਼ਮਾਂ ਨੂੰ ਦੂਜੇ ਸਟੋਰਾਂ ਵਿੱਚ ਤਬਦੀਲ ਕਰਕੇ ਰਿਹਾਇਸ਼ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਵੇ ਜਾਂ ਪ੍ਰਤੀ ਮੁਲਾਜ਼ਮ ਇੱਕ ਲੱਖ ਰੁਪਏ ਪ੍ਰਤੀ ਸਾਲ ਦਾ ਮੁੜ ਵਸੇਬਾ ਮੁਆਵਜ਼ਾ ਦਿੱਤਾ ਜਾਵੇ, ਜਿੰਨਾਂ ਸਾਲ ਉਨ੍ਹਾਂ ਸਟੋਰ ਵਿੱਚ ਨੌਕਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਜੁਆਇੰਟ ਕਮਿਸ਼ਨਰ ਪੁਲੀਸ ਰਵਚਰਨ ਸਿੰਘ ਬਰਾੜ ਦੀ ਮੌਜੂਦਗੀ ਵਿੱਚ ਹੋਈ ਮੀਟਿੰਗ ਵਿੱਚ ਕੰਪਨੀ ਨੂੰ 72 ਘੰਟੇ ਵਿੱਚ ਮੰਗਾਂ ਹੱਲ ਕਰਨ ਦਾ ਸਮਾਂ ਦਿੱਤਾ ਗਿਆ ਹੈ। ਮੀਟਿੰਗ ਵਿੱਚ ਵਾਲਮਾਰਟ ਹੈੱਡ ਆਫਿਸ ਦੇ ਅਧਿਕਾਰੀ ਮੌਜੂਦ ਸਨ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂਆਂ ਬਲਵੰਤ ਸਿੰਘ ਘੁਡਾਣੀ, ਯੁਵਰਾਜ ਸਿੰਘ ਘੁਡਾਣੀ ਅਤੇ ਰਾਜਿੰਦਰ ਸਿੰਘ ਨੇ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਇਨ੍ਹਾਂ ਮੁਲਾਜ਼ਮਾਂ ਦੇ ਸੰਘਰਸ਼ ਨਾਲ ਖੜ੍ਹੇ ਹਨ।