ਗਗਨਦੀਪ ਅਰੋੜਾ
ਲੁਧਿਆਣਾ, 16 ਮਈ
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਲੂ ਦੀ ਤਪਸ਼ ਝੱਲ ਰਹੇ ਲੁਧਿਆਣਾ ਵਾਸੀਆਂ ਨੂੰ ਅੱਜ ਤੇਜ਼ ਹਵਾਵਾਂ ਨੇ ਕੁੱਝ ਰਾਹਤ ਦਿੱਤੀ। ਤਿੰਨ ਚਾਰ ਦਿਨ ਤੋਂ ਲੁਧਿਆਣਾ ਸ਼ਹਿਰ ਦਾ ਤਾਪਮਾਨ 45 ਡਿਗਰੀ ਤੋਂ ਪਾਰ ਹੋ ਰਿਹਾ ਸੀ, ਜਿਸ ਕਰਕੇ ਲਗਾਤਾਰ ਗਰਮੀ ਕਾਫ਼ੀ ਵੱਧ ਰਹੀ ਸੀ। ਅੱਜ ਸ਼ਾਮ ਇੱਕ ਦਮ ਮੌਸਮ ਵਿੱਚ ਬਦਲਾਅ ਆਇਆ। ਸ਼ਹਿਰ ਵਿੱਚ ਹਲਕੇ ਕਾਲੇ ਬੱਦਲ ਛਾ ਗਏ ਤੇ ਤੇਜ਼ ਹਵਾਵਾਂ ਚੱਲਣ ਲੱਗੀਆਂ। ਇਸ ਕਰਕੇ ਲੋਕਾਂ ਨੇ ਗਰਮੀ ਤੋਂ ਕੁੱਝ ਰਾਹਤ ਮਹਿਸੂਸ ਕੀਤੀ। ਸੋਮਵਾਰ ਸ਼ਾਮ ਨੂੰ ਜਿਵੇਂ ਹੀ ਹਵਾਵਾਂ ਚੱਲਣੀਆਂ ਸ਼ੁਰੂ ਹੋਈਆਂ ਤਾਂ ਮੌਸਮ ਸੁਹਾਵਨਾ ਹੋ ਗਿਆ। ਗਰਮੀ ਕਾਰਨ ਖਾਲੀ ਪਏ ਬਜ਼ਾਰਾਂ ਵਿੱਚ ਰੌਣਕ ਵੀ ਦੇਖਣ ਨੂੰ ਮਿਲੀ। ਲੋਕ ਗਰਮੀ ਕਾਰਨ ਘਰਾਂ ਵਿੱਚ ਬੈਠੇ ਹੋਏ ਸੀ, ਜੋਕਿ ਹਵਾਵਾਂ ਚੱਲਣ ਤੋਂ ਬਾਅਦ ਬਾਹਰ ਨਿਕਲੇ। ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ ਮੌਸਮ ਵਿੱਚ ਰਾਹਤ ਜ਼ਰੂਰ ਮਹਿਸੂਸ ਕੀਤੀ, ਪਰ ਮੀਂਹ ਨਹੀਂ ਪਿਆ। ਸ਼ਾਮ ਦੇ ਸਮੇਂ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਕੇ ਸੁਹਾਵਣੇ ਮੌਸਮ ਦਾ ਆਨੰਦ ਮਾਣ ਰਹੇ ਸਨ।
ਪੀਏਯੂ ਦੇ ਮੌਸਮ ਵਿਗਿਆਨੀਆਂ ਨੇ ਪਹਿਲਾਂ ਹੀ ਭਵਿੱਖਵਾਣੀ ਕੀਤੀ ਸੀ ਕਿ ਸੋਮਵਾਰ ਨੂੰ ਆਮ ਦਿਨਾਂ ਨਾਲੋਂ ਘੱਟ ਤਾਪਮਾਨ ਰਹੇਗਾ ਤੇ ਹਵਾਵਾਂ ਚੱਲਣਗੀਆਂ। ਉਧਰ, ਬੀਤੇ ਦਿਨ ਐਤਵਾਰ ਨੂੰ ਲੁਧਿਆਣਾ ਵਿੱਚ ਤਾਪਮਾਨ 45 ਡਿਗਰੀ ਦੇ ਪਾਰ ਹੋ ਗਿਆ ਸੀ। ਇਸ ਕਰਕੇ ਆਮ ਦਿਨਾਂ ਨਾਲ ਜ਼ਿਆਦਾ ਗਰਮੀ ਹੋ ਰਹੀ ਸੀ। ਮੌਸਮ ਵਿਗਿਆਨੀਆਂ ਮੁਤਾਬਕ ਅੱਜ ਦਾ ਤਾਪਮਾਨ ਵੱਧ ਤੋਂ ਵੱਧ 40 ਡਿਗਰੀ ਰਿਹਾ। ਜੋ ਕਿ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਅਜਿਹਾ ਹੀ ਰਹੇਗਾ। ਉਨ੍ਹਾਂ ਦੱਸਿਆ ਕਿ ਦੋ ਦਿਨ ਤਾਪਮਾਨ 40 ਤੋਂ 42 ਡਿਗਰੀ ਵਿਚਕਾਰ ਰਹਿਣ ਦੀ ਉਮੀਦ ਹੈ। ਨਾਲ ਹੀ ਅਗਲੇ 24 ਘੰਟੇ ਵਿੱਚ ਕਈ ਥਾਵਾਂ ’ਤੇ ਬਾਰਸ਼ ਵੀ ਪੈ ਸਕਦੀ ਹੈ। ਵੀਰਵਾਰ ਤੇ ਸ਼ੁੱਕਰਵਾਰ ਨੂੰ ਇੱਕ ਦਮ ਪਾਰਾ ਫਿਰ 44 ਤੋਂ 45 ਡਿਗਰੀ ਤੱਕ ਪੁੱਜੇਗਾ। ਜਦਕਿ ਵੀਕਐਂਡ ਵਿੱਚ ਲੋਕਾਂ ਨੂੰ ਕੁੱਝ ਰਾਹਤ ਮਿਲੇਗੀ।
ਗਰਮੀ ਘਟਣ ਕਾਰਨ ਬਾਜ਼ਾਰਾਂ ਵਿੱਚ ਪਰਤੀ ਰੌਣਕ
ਲੁਧਿਆਣਾ: ਰੋਜ਼ਾਨਾ ਇੱਥੋਂ ਦੇ ਬਾਜ਼ਾਰਾਂ ਵਿੱਚ ਦੁਕਾਨਦਾਰ ਗਾਹਕਾਂ ਨੂੰ ਤਰਸ ਜਾਂਦੇ ਸਨ ਪਰ ਅੱਜ ਜਿਉਂ ਹੀ ਤੇਜ਼ ਹਵਾਵਾਂ ਚੱਲੀਆਂ ਤਾਂ ਬਾਜ਼ਾਰਾਂ ਵਿੱਚ ਰੌਣਕਾਂ ਵੀ ਆ ਗਈਆਂ। ਇਸ ਨਾਲ ਦੁਕਾਨਦਾਰਾਂ ਦਾ ਿਚਹਰੇ ਖਿੜ੍ਹ ਗਏ। ਲੋਕਾਂ ਨੇ ਵੀ ਗਰਮੀ ਤੋਂ ਰਾਹਤ ਮਹਿਸੂਸ ਕਰਦਿਆਂ ਦੁਕਾਨਾਂ ਤੋਂ ਖਰੀਦਦਾਰੀ ਕੀਤੀ। ਹਰ ਬਾਜ਼ਾਰ ਵਿੱਚ ਚਹਿਲ ਪਹਿਲ ਦੇਖਣ ਨੂੰ ਮਿਲ ਰਹੀ ਸੀ। ਕਈ ਦਿਨ ਤੋਂ ਗਰਮੀ ਤੋਂ ਸਿਤਾਏ ਲੋਕ ਅੱਜ ਰਾਹਤ ਮਹਿਸੂਸ ਕਰ ਰਹੇ ਸਨ। ਰੇੜ੍ਹੀਆਂ ਫੜ੍ਹੀਆਂ ਵਾਲਿਆਂ ਕੋਲ ਵੀ ਖਾਣ ਪੀਣ ਵਾਲੇ ਗਾਹਕਾਂ ਦੀਆਂ ਰੌਣਕਾਂ ਦਿਖ ਰਹੀਆਂ ਸਨ।