ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਮਾਰਚ
ਸਿੱਖਿਆ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਾਸ਼ਟਰੀ ਆਵਿਸ਼ਕਾਰ ਅਭਿਆਨ ਅਧੀਨ ਗਣਿਤ, ਅੰਗਰੇਜ਼ੀ,ਵਿਗਿਆਨ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੇ ਕੁਇਜ਼ ਮੁਕਾਬਲੇ ਮੈਰੀਟੋਰੀਅਸ ਸਕੂਲ, ਲੁਧਿਆਣਾ ਵਿੱਚ ਕਰਵਾਏ ਗਏ। ਇਸ ਸਟੇਟ ਪੱਧਰੀ ਸਮਾਗਮ ਵਿਚ ਡਾਇਰੈਕਟਰ ਐੱਸਸੀਆਰਟੀ ਜਰਨੈਲ ਸਿੰਘ ਕਾਲੇਕੇ ਨੇ ਸਮੂਲੀਅਤ ਕੀਤੀ। ਜਿਲ੍ਹਾ ਸਿੱਖਿਆ ਅਫ਼ਸਰ (ਸੈ ਸਿੱ) ਜਸਵਿੰਦਰ ਕੌਰ ਨੇ ਦੱਸਿਆ ਕਿ ਮੈਰੀਟੋਰੀਅਸ ਸਕੂਲ ਪ੍ਰਿੰਸੀਪਲ ਵਿਸ਼ਵਕੀਰਤ ਕੌਰ ਕਾਹਲੋਂ, ਸੁਸ਼ੀਲ ਭਾਰਦਵਾਜ, ਨਿਰਮਲ, ਚੰਦਰਸੇਖਰ, ਅਸ਼ੀਸ਼ ਸਰਮਾ, ਸੁਬੋਧ ਵਰਮਾ ਆਦਿ ਅਧਿਕਾਰੀਆਂ ਦੀ ਨਿਗਰਾਨੀ ਹੇਠ ਇਹ ਰਾਜ ਪੱਧਰੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿਚ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਜੇਤੂ 115 ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਅਧਿਆਪਕਾਂ ,ਬੀਐਮ, ਡੀਐਮ ਨੇ ਹਿੱਸਾ ਲਿਆ। ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਮੁਕਾਬਲਿਆਂ ਵਿੱਚ ਜ਼ਿਲ੍ਹਾ ਜਲੰਧਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵੇ ਮਸਾਦਨ ਦੀ ਅੰਸ਼ਪਰੀਤ, ਤਨੀਸ਼ਾ ਰਾਣੀ ਤੇ ਸਾਖਸ਼ੀ ਕੁਮਾਰੀ ਨੇ ਪੰਜਾਬ ਵਿਚ ਪਹਿਲਾ ਸਥਾਨ ਹਾਸਲ ਕੀਤਾ, ਦੂਜੇ ਨੰਬਰ ’ਤੇ ਜਿਲ੍ਹਾ ਫਰੀਦਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਰਸਿੰਘ ਵਾਲਾ ਦੀ ਗੁਰਵੀਰ ਕੌਰ, ਧਰਮਪ੍ਰੀਤ ਸ਼ਰਮਾ ਤੇ ਰੁਚੀ ਅਤੇ ਤੀਜੇ ਸਥਾਨ ’ਤੇ ਜ਼ਿਲ੍ਹਾ ਬਠਿੰਡਾ ਦੇ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾ ਖੁਸਮੀਨ ਕੌਰ, ਭਾਵਨਾ ਤੇ ਕਮਲਪ੍ਰੀਤ ਕੌਰ ਰਹੀਆਂ। ਨੌਵੀਂ ਤੋਂ ਦਸਵੀਂ ਜਮਾਤ ਦੇ ਮੁਕਾਬਲਿਆਂ ਵਿੱਚ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਨਿਯਾਮਤ ਤੇ ਮਨਪ੍ਰੀਤ ਪੰਜਾਬ ਵਿੱਚੋਂ ਅੱਵਲ, ਦੂਜੇ ਨੰਬਰ ’ਤੇ ਜ਼ਿਲ੍ਹਾ ਫਾਜ਼ਿਲਕਾ ਦੀ ਸਿਮਰਨ ਰਾਣੀ ਤੇ ਅਸਮੀਤ ਕੌਰ ਅਤੇ ਤੀਜੇ ਨੰਬਰ ’ਤੇ ਮੁਕਤਸਰ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਮਦਹਰ ਕਲਾਂ ਦੇ ਅੰਮ੍ਰਿਤਪਾਲ ਸਿੰਘ ਤੇ ਅੰਜੂ ਰਹੇ।