ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਨਵੰਬਰ
ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਸੀਜ਼ਨ ਦੌਰਾਨ ਤੀਰਅੰਦਾਜ਼ੀ ’ਚ ਸਥਾਨਕ ਡੀਏਵੀ ਸਕੂਲ ਦੇ ਖਿਡਾਰੀਆਂ ਨੇ ਬਾਕਮਾਲ ਪ੍ਰਦਰਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਵੇਦ ਵਰਤ ਪਲਾਹ ਨੇ ਦੱਸਿਆ ਤੀਰਅੰਦਾਜ਼ੀ ਖੇਡਾਂ ਪਟਿਆਲਾ ਯੂਨੀਵਰਸਿਟੀ ਵਿੱਚ ਕਰਵਾਈਆਂ ਗਈਆਂ। ਇਸ ’ਚ ਡੀਏਵੀ ਸਕੂਲ ਦੀ ਖਿਡਾਰਨ ਅੰਕੁਰਪ੍ਰੀਤ ਕੌਰ ਨੇ (ਅੰਡਰ-21) ਦੇ ਰਿਕਰਵ ਰਾਊਂਡ ’ਚ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ। ਅਨੁਸ਼ਕਾ ਸ਼ਰਮਾ ਨੇ ਅੰਡਰ-14 ਦੇ ਇੰਡੀਅਨ ਰਾਊਂਡ ’ਚ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਅਨੁਸ਼ਕਾ ਸ਼ਰਮਾ ਨੇ ਇਕ ਸੋਨ ਤਗ਼ਮਾ ਅਤੇ ਇਕ ਕਾਂਸੀ ਦੇ ਤਗ਼ਮੇ ’ਤੇ ਕਬਜ਼ਾ ਕੀਤਾ। ਭਵਈਸ਼ਵਰ ਸਿੰਘ ਨੇ ਅੰਡਰ-14 ਸਾਲ ਦੇ ਕੰਮਪਾਊਂਡ ਰਾਊਂਡ ’ਚ ਚਾਂਦੀ ਦਾ ਤਗ਼ਮਾ ਪ੍ਰਾਪਤ ਕੀਤਾ। ਇਨ੍ਹਾਂ ਸਾਰੇ ਤੀਰਅੰਦਾਜ਼ਾਂ ਨੂੰ ਪੰਜਾਬ ਸਰਕਾਰ ਵੱਲੋਂ ਇਨਾਮੀ ਰਾਸ਼ੀ ਵੀ ਮਿਲੇਗੀ। ਇਹ ਸਕੂਲ ਵਾਸਤੇ ਅਤੇ ਪੂਰੇ ਸ਼ਹਿਰ ਵਾਸਤੇ ਮਾਣ ਦੀ ਗੱਲ ਹੈ। ਸਕੂਲ ਪਹੁੰਚਣ ‘ਤੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੇ ਸਾਰੇ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ। ਪ੍ਰਿੰਸੀਪਲ ਨੇ ਕੋਚ ਸਾਹਿਬਾਨਾਂ ਨੂੰ ਹੋਰ ਵੀ ਅਜਿਹੇ ਖਿਡਾਰੀ ਤਿਆਰ ਕਰਨ ਦੀ ਅਪੀਲ ਕਰਦਿਆਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।