ਸਤਵਿੰਦਰ ਬਸਰਾ
ਲੁਧਿਆਣਾ, 30 ਨਵੰਬਰ
ਐੱਸਸੀਡੀ ਸਰਕਾਰੀ ਕਾਲਜ ਦੇ ਫੈਕਲਟੀ ਅਧਿਆਪਕਾਂ ਨੇ ਪੱਕੇ ਕਰਨ ਦੀ ਮੰਗ ਨੂੰ ਲੈ ਕਿ ਅੱਜ ਕਾਲਜ ਦੇ ਅੱਗੇ ਰੋਸ ਧਰਨਾ ਦਿੱਤਾ। ਇਸ ਧਰਨੇ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਵੀ ਅਧਿਆਪਕਾਂ ਦਾ ਪੂਰਾ ਸਮਰਥਨ ਦਿੱਤਾ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸੂਬੇ ਦੇ ਵੱਖ ਵੱਖ ਕਾਲਜਾਂ ਵਿੱਚ 1800 ਤੋਂ ਵੱਧ ਪੱਕੀਆਂ ਪੋਸਟਾਂ ਹਨ ਜਦਕਿ ਇਨ੍ਹਾਂ ਵਿੱਚੋਂ ਸਿਰਫ 350 ਪੱਕੇ ਅਧਿਆਪਕ ਹਨ ਅਤੇ ਇਨ੍ਹਾਂ ਵਿੱਚੋਂ ਵੀ 30-40 ਅਧਿਆਪਕ ਡੈਪੂਟੇਸ਼ਨ ’ਤੇ ਹੋਰ ਵਿਭਾਗਾਂ ਵਿੱਚ ਗਏ ਹੋਏ ਹਨ। ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਮੌਜੂਦਾ ਸਮੇਂ 900 ਤੋਂ ਵੱਧ ਫੈਕਲਟੀ ਅਧਿਆਪਕ ਪੜ੍ਹਾ ਰਹੇ ਹਨ ਪਰ ਸਰਕਾਰ ਇਨ੍ਹਾਂ ਨੂੰ ਪੱਕੇ ਕਰਨ ਦੀ ਥਾਂ ਨਵੀਆਂ ਆਸਾਮੀਆਂ ਕੱਢ ਕਿ ਇਨ੍ਹਾਂ ਦਾ ਭਵਿੱਖ ਧੁੰਦਲਾ ਕਰਨ ’ਤੇ ਤੁਲੀ ਹੋਈ ਹੈ। ਇਸ ਰੋਸ ਧਰਨੇ ਨੂੰ ਸੈਨੇਟ ਤੇ ਸਿੰਡੀਕੇਟ ਮੈਂਬਰ ਡਾ. ਮੁਕੇਸ਼ ਅਰੋੜਾ, ਸਾਬਕਾ ਅਧਿਕਾਰੀ ਬਲਕੌਰ ਸਿੰਘ ਨੇ ਸੰਬੋਧਨ ਕਰਦਿਆਂ ਫੈਕਲਟੀ ਅਧਿਆਪਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਲਾਉਂਦਿਆਂ ਸਰਕਾਰ ਨੂੰ ਅਧਿਆਪਕਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ।
ਪਾਇਲ (ਦੇਵਿੰਦਰ ਸਿੰਘ ਜੱਗੀ): ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਦੇ ਸਮੂਹ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕਾਲਜ ਤੋਂ ਰਾੜਾ ਸਾਹਿਬ ਦੇ ਮੇਨ ਚੌਕ ਤੱਕ ਹੱਥਾਂ ਵਿੱਚ ਤਖਤੀਆਂ ਫੜ ਕੇ ਭਰਵੀ ਰੋਸ ਰੈਲੀ ਕੱਢੀ। ਰੈਲੀ ਵਿੱਚ ਉਨ੍ਹਾਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਕੇ ਆਪਣੇ ਉੱਜਵਲ ਭਵਿੱਖ ਲਈ ਕਾਲਜ ਵਿੱਚ ਆ ਰਹੀਆਂ ਔਕੜਾਂ ਦੇ ਹੱਲ ਦੀ ਸਰਕਾਰ ਤੋਂ ਮੰਗ ਕੀਤੀ। ਉਨ੍ਹਾਂ ਚੰਨੀ ਸਰਕਾਰ ਨੂੰ ਅਪੀਲ ਕੀਤੀ ਕਿ ਸਾਰੇ ਕਾਲਜ ਦੇ ਵਿਦਿਆਰਥੀਆਂ ਦੇ ਪੇਪਰ ਆਨਲਾਈਨ ਮਾਧਿਅਮ ਰਾਹੀਂ ਹੋਣੇ ਚਾਹੀਦੇ ਹਨ, ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪੀ.ਟੀ.ਏ. ਫੰਡ ਮੁਆਫ ਹੋਵੇ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ ਕਿਉਂਕਿ ਸਾਰੇ ਪ੍ਰੋਫੈਸਰ ਆਪਣੇ ਹੱਕਾਂ ਨੂੰ ਲੈ ਕੇ ਧਰਨਿਆਂ ’ਤੇ ਬੈਠੇ ਹਨ, ਜਿਸ ਕਾਰਨ ਵਿਦਿਆਰਥੀਆਂ ਦਾ ਸਿਲੇਬਸ ਵੀ ਨਹੀਂ ਪੂਰਾ ਹੋ ਰਿਹਾ। ਇਸ ਦੌਰਾਨ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਮੰਗਾਂ ’ਤੇ ਪੂਰਾ ਨਹੀਂ ਉੱਤਰਦੀ ਤਾਂ ਵਿਦਿਆਰਥੀ ਵੀ ਆਪਣੀ ਪੜ੍ਹਾਈ ਛੱਡ ਕੇ ਅਣਮਿਥੇ ਸਮੇਂ ਲਈ ਧਰਨਿਆਂ ’ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਹੱਕਾਂ ਲਈ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰਨਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।