ਸਮਰਾਲਾ: ਕਿੰਡਰ ਗਾਰਟਨ ਐਂਡ ਸੀਨੀਅਰ ਸੈਕੰਡਰੀ ਸਕੂਲ ਵਿੱਚ ਦੀਵਾਲੀ, ਬੰਦੀ ਛੋੜ ਅਤੇ ਵਿਸ਼ਵਕਰਮਾ ਦਿਵਸ ਮਨਾਇਆ ਗਿਆ। ਸਕੂਲ ਵਿੱਚ ਵਿਦਿਆਰਥੀਆਂ ਵੱਲੋਂ ਦੀਵਾਲੀ ਮੌਕੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਇਸ ਦਿਵਸ ਨਾਲ ਸਬੰਧਿਤ ਕਵਿਤਾਵਾਂ ਅਤੇ ਗੀਤ ਵੀ ਪੇਸ਼ ਕੀਤੇ ਗਏ। ਇਸ ਮੌਕੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਦੀਵਿਆਂ ਦੀ ਸਜਾਵਟ, ਕਾਰਡ, ਕਾਗਜ਼ ਦੀਆਂ ਲੜੀਆਂ ਬਣਾਈਆਂ ਗਈਆਂ। ਇਹ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸਰਬਜੀਤ ਕੌਰ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੇ ਇਤਿਹਾਸ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਆਪਸੀ ਪਿਆਰ, ਏਕਤਾ ਤੇ ਖੁਸ਼ੀਆਂ ਦੇ ਨਾਲ-ਨਾਲ ਇਸ ਤਿਉਹਾਰ ਨੂੰ ਮਨੁੱਖਤਾ ਦੇ ਭਲੇ ਲਈ ਪ੍ਰਦੂਸ਼ਣ ਰਹਿਤ ਹੋ ਕੇ ਮਨਾਉਣਾ ਚਾਹੀਦਾ ਹੈ। ਸਕੂਲ ਦੇ ਚੇਅਰਮੈਨ ਦਲਜੀਤ ਸਿੰਘ ਸ਼ਾਹੀ, ਡਾਇਰੈਕਟਰ ਸਰਬਜੀਤ ਕੌਰ, ਪ੍ਰਿੰਸੀਪਲ ਰਣਜੋਤ ਕੌਰ ਅਤੇ ਕਮਲਜੀਤ ਸਿੰਘ ਨੇ ਵਿਦਿਆਰਥੀਆਂ ਤੇ ਆਧਿਆਪਕਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। -ਪੱਤਰ ਪ੍ਰੇਰਕ