ਸਤਵਿੰਦਰ ਬਸਰਾ
ਲੁਧਿਆਣਾ, 5 ਮਾਰਚ
ਕਈ ਦਿਨਾਂ ਤੋਂ ਯੂਕਰੇਨ-ਰੂਸ ਦੀਆਂ ਫੌਜਾਂ ਵਿਚਕਾਰ ਚੱਲ ਰਹੇ ਜੰਗ ਨੂੰ ਬੰਦ ਕਰਨ ਅਤੇ ਯੂਕਰੇਨ ਵਿੱਚ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਦੀ ਮੰਗ ਨੂੰ ਲੈ ਕੇ ਅੱਜ ਪੀਏਯੂ ਦੇ ਅੰਡਰ-ਗਰੈਜੂਏਟ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਪੀਏਯੂ ਕੈਂਪਸ ਦੀ ਲਾਇਬ੍ਰੇਰੀ ਦੇ ਬਾਹਰ ਕੀਤੇ ਇਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਨੇ ਯੂਕਰੇਨ-ਰੂਸ ਵਿੱਚ ਹੋ ਰਹੀ ਜੰਗ ਨੂੰ ਵਿਸ਼ਵ ਲਈ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੰਗ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਸਗੋਂ ਮਨੁੱਖਤਾ ਦਾ ਉਜਾੜਾ ਅਤੇ ਅਮਨ-ਸ਼ਾਂਤੀ ਭੰਗ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਜੰਗ ਵਿੱਚ ਅਨੇਕਾਂ ਮਨੁੱਖੀ ਜਾਨਾਂ ਜਾ ਚੁੱਕੀਆਂ ਹਨ। ਅਨੇਕਾਂ ਬੱਚੇ ਮਾਪਿਆਂ ਤੋਂ ਵਿਰਵੇ ਹੋ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਅਮਨ-ਸ਼ਾਂਤੀ ਦੀ ਬਹਾਲੀ ਲਈ ਇਹ ਜੰਗ ਜਲਦ ਤੋਂ ਜਲਦ ਬੰਦ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਯੂਕਰੇਨ ਵਿੱਚ ਪੜ੍ਹਾਈ ਕਰਨ ਲਈ ਗਏ ਭਾਰਤੀ ਵਿਦਿਆਰਥੀਆਂ ਨੂੰ ਵੀ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਵੇ। ਭਾਰਤ ਵਿੱਚ ਸਿੱਖਿਆ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਕੇ ਸਸਤੀ ਸਿੱਖਿਆ ਮੁਹੱਈਆ ਕਰਵਾਈ ਜਾਵੇ ਤਾਂ ਜੋ ਪੜ੍ਹਾਈ ਲਈ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਧੱਕੇ ਨਾ ਖਾਣੇ ਪੈਣ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਹੱਥਾਂ ਵਿੱਚ ‘ਜੰਗ ਨਹੀਂ’ ਅਤੇ ਹੋਰ ਨਾਅਰੇ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ। ਇਸ ਰੋਸ ਮੁਜ਼ਾਹਰੇ ਵਿੱਚ ਲੜਕੀਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਅੰਗਰੇਜ ਸਿੰਘ ਮਾਨ, ਅਮਿਤੋਜ਼ ਮਾਨ, ਨਵਦੀਪ ਕਾਹਲੋਂ, ਜਤਿੰਦਰ ਸੰਧੂ ਆਦਿ ਵਿਦਿਆਰਥੀ ਵੀ ਹਾਜ਼ਰ ਸਨ।