ਜਗਰਾਉਂ: ਇਥੇ ਰਾਏਕੋਟ ਰੋਡ ਸਥਿਤ ਵਿਦਿਆ ਇੰਟਰਨੈਸ਼ਨਲ ਸਕੂਲ ਜਗਰਾਉਂ ਦੇ ਵਿਦਿਆਰਥੀਆਂ ਨੂੰ ਧਾਰਮਿਕ ਯਾਤਰਾ ਕਰਵਾਈ ਗਈ। ਬਹੁਤ ਸਕੂਲੀ ਬੱਚੇ ਕਦੇ ਰੇਲ ਗੱਡੀ ’ਚ ਨਾ ਬੈਠੇ ਹੋਣ ਕਰਕੇ ਸਭ ਤੋਂ ਪਹਿਲਾਂ ਜਗਰਾਉਂ ਤੋਂ ਬੱਦੋਵਾਲ ਰੇਲਵੇ ਸਟੇਸ਼ਨ ਤੱਕ ਵਿਦਿਆਰਥੀਆਂ ਨੂੰ ਰੇਲ ਦਾ ਸਫ਼ਰ ਕਰਵਾਇਆ ਗਿਆ। ਫਿਰ ਉਥੋਂ ਦੁਨੀਆਂ ਦੇ ਸਭ ਤੋਂ ਛੋਟੀ ਉਮਰ ਦੇ ਮਹਾਨ ਸ਼ਹੀਦ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਦੀ ਮਹਾਨ ਧਰਤੀ ਫ਼ਤਹਿਗੜ੍ਹ ਸਾਹਿਬ ਦੇ ਦਰਸ਼ਨ ਕਰਵਾਏ ਗਏ। ਇਸ ਮੌਕੇ ਪ੍ਰਿੰਸੀਪਲ ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਮੀਰ ਵਿਰਸੇ ਤੇ ਇਤਿਹਾਸ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ ਗਿਆ। ਇਸ ਮੌਕੇ ਪ੍ਰੀਤਮ ਸਿੰਘ ਅਖਾੜਾ, ਬਲਰਾਜ ਸਿੰਘ ਰਸੂਲਪੁਰ, ਮਨਜੀਤ ਕੌਰ, ਕਿਰਨਜੀਤ ਕੌਰ ਸਮੇਤ ਹੋਰ ਸਟਾਫ਼ ਮੌਜੂਦ ਸੀ। -ਨਿੱਜੀ ਪੱਤਰ ਪ੍ਰੇਰਕ