ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਅਗਸਤ
ਇੱਥੇ ਮੋਤੀ ਨਗਰ ਦੇ ਇੱਕ ਹੋਟਲ ’ਚ ਆਪਣੀ ਮਹਿਲਾ ਦੋਸਤ ਨਾਲ ਆਏ ਇੱਕ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਔਰਤ ਨਹਾ ਕੇ ਬਾਹਰ ਆਈ ਤੇ ਕਮਰੇ ਅੰਦਰ ਲਾਸ਼ ਲਟਕਦੀ ਦੇਖ ਕੇ ਹੈਰਾਨ ਰਹਿ ਗਈ। ਜਦੋਂ ਮਹਿਲਾ ਨੂੰ ਕਮਰੇ ਦੀ ਚਾਬੀ ਨਾ ਮਿਲੀ ਤਾਂ ਉਸ ਨੇ ਤੁਰੰਤ ਹੋਟਲ ਦੇ ਰਿਸੈਪਸ਼ਨ ’ਤੇ ਮੌਜੂਦ ਸਟਾਫ਼ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਉਸ ਨੇ ਡੁਪਲੀਕੇਟ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ ਅਤੇ ਪੁਲੀਸ ਨੂੰ ਸੂਚਨਾ ਦਿੱਤੀ।
ਸੂਚਨਾ ਮਿਲਦਿਆਂ ਹੀ ਥਾਣਾ ਮੋਤੀ ਨਗਰ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਬਸਤੀ ਜੋਧੇਵਾਲ ਦੀ ਇੰਦਰਾ ਕਲੋਨੀ ਇਲਾਕੇ ਦੇ ਰਹਿਣ ਵਾਲੇ ਅਨਿਲ ਕੁਮਾਰ (32) ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲੀਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਕਾਰਵਾਈ ਕਰਨ ਮਗਰੋਂ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।ਜਾਂਚ ਅਧਿਕਾਰੀ ਏਐੱਸਆਈ ਅਜਮੇਰ ਸਿੰਘ ਨੇ ਦੱਸਿਆ ਕਿ ਅਨਿਲ ਕੁਮਾਰ ਅਕਸਰ ਆਪਣੀ ਮਹਿਲਾ ਦੋਸਤ ਨਾਲ ਇਸ ਹੋਟਲ ਵਿੱਚ ਆਉਂਦਾ ਰਹਿੰਦਾ ਸੀ। ਸ਼ੁੱਕਰਵਾਰ ਦੁਪਹਿਰ ਨੂੰ ਵੀ ਉਹ ਆਪਣੀ ਮਹਿਲਾ ਦੋਸਤ ਨਾਲ ਆਇਆ ਹੋਇਆ ਸੀ। ਦੋਵੇਂ ਖਾਣਾ ਖਾ ਕੇ ਕਮਰੇ ਵਿੱਚ ਚਲੇ ਗਏ। ਇਸ ਤੋਂ ਬਾਅਦ ਉਸ ਦੀ ਮਹਿਲਾ ਦੋਸਤ ਨਹਾਉਣ ਚਲੀ ਗਈ।
ਇਸ ਦੌਰਾਨ ਅਨਿਲ ਨੇ ਪਿੱਛੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਔਰਤ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਖੜਕੇ ਦੀ ਆਵਾਜ਼ ਸੁਣੀ ਸੀ, ਇਸ ਲਈ ਉਸ ਨੇ ਅਨਿਲ ਤੋਂ ਪੁੱਛਿਆ ਕਿ ਉਹ ਕੀ ਕਰ ਰਿਹਾ ਹੈ, ਜਿਸ ’ਤੇ ਉਸ ਨੇ ਜਵਾਬ ਦਿੱਤਾ ਕਿ ਉਹ ਟੇਬਲ ਸਾਈਡ ’ਤੇ ਕਰ ਰਿਹਾ ਹੈ। ਜਦੋਂ ਉਹ ਬਾਹਰ ਆਈ ਤਾਂ ਅਨਿਲ ਦੀ ਲਾਸ਼ ਲਟਕਦੀ ਦੇਖ ਕੇ ਹੈਰਾਨ ਰਹਿ ਗਈ। ਉਨ੍ਹਾਂ ਤੁਰੰਤ ਇਸ ਸਬੰਧੀ ਸਟਾਫ਼ ਨੂੰ ਸੂਚਿਤ ਕੀਤਾ। ਏਐੱਸਆਈ ਅਜਮੇਰ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਪਰਿਵਾਰ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਖਾਲੀ ਪਲਾਟ ’ਚੋਂ ਵਿਅਕਤੀ ਦੀ ਲਾਸ਼ ਮਿਲੀ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਤਾਜਪੁਰ ਪੁਲੀਸ ਚੌਕੀ ਨੇੜੇ ਸਥਿਤ ਕੇਂਦਰੀ ਜੇਲ੍ਹ ਦੇ ਨਾਲ ਲੱਗਦੇ ਖਾਲੀ ਪਲਾਟ ਵਿੱਚੋਂ ਅੱਜ ਸਵੇਰੇ ਇੱਕ ਵਿਅਕਤੀ ਦੀ ਲਾਸ਼ ਮਿਲੀ। ਚੌਕੀਦਾਰ ਨੇ ਪਲਾਟ ’ਚ ਲਾਸ਼ ਪਈ ਦੇਖ ਕੇ ਪੁਲੀਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਚੌਕੀ ਤਾਜਪੁਰ ਦੇ ਇੰਚਾਰਜ ਸਬ ਇੰਸਪੈਕਟਰ ਜਨਕ ਰਾਜ ਅਤੇ ਪੁਲੀਸ ਪਾਰਟੀ ਮੌਕੇ ’ਤੇ ਪਹੁੰਚ ਗਏ। ਖ਼ਦਸ਼ਾ ਹੈ ਕਿ ਜ਼ਿਆਦਾ ਸ਼ਰਾਬ ਪੀਣ ਕਾਰਨ ਵਿਅਕਤੀ ਦੀ ਮੌਤ ਹੋ ਗਈ ਹੋਵੇ। ਅਜੇ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਮ੍ਰਿਤਕ ਦੀ ਮੌਤ ਦਾ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਇਲਾਕੇ ਦੇ ਚੌਕੀਦਾਰ ਲੱਕੀ ਨੇ ਦੱਸਿਆ ਕਿ ਕਿ ਡਿਊਟੀ ’ਤੇ ਹੁੰਦੇ ਹੋਏ ਉਹ ਖਾਲੀ ਪਲਾਟ ਵੱਲ ਗਿਆ ਤਾਂ ਉੱਥੇ ਇੱਕ ਵਿਅਕਤੀ ਡਿੱਗਿਆ ਪਿਆ ਸੀ। ਜਦੋਂ ਉਹ ਹੋਰ ਨੇੜੇ ਗਿਆ ਤਾਂ ਦੇਖਿਆ ਕਿ ਉਸਦੇ ਸਾਹ ਨਹੀਂ ਚੱਲ ਰਹੇ ਹਨ। ਉਸਨੇ ਤੁਰੰਤ ਇਸਦੀ ਸੂਚਨਾ ਪੁਲੀਸ ਨੂੰ ਦਿੱਤੀ। ਸਬ ਇੰਸਪੈਕਟਰ ਜਨਕ ਰਾਜ ਨੇ ਦੱਸਿਆ ਕਿ ਉਥੋਂ ਸ਼ਰਾਬ ਦੀ ਬੋਤਲ ਵੀ ਮਿਲੀ ਹੈ, ਜਿਸ ਕਾਰਨ ਸ਼ੱਕ ਹੈ ਕਿ ਉਸ ਦੀ ਮੌਤ ਜ਼ਿਆਦਾ ਸ਼ਰਾਬ ਪੀਣ ਕਾਰਨ ਹੋਈ ਹੈ। ਮ੍ਰਿਤਕ ਪਰਵਾਸੀ ਜਾਪ ਰਿਹਾ ਹੈ। ਪੁਲੀਸ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਵਿਅਕਤੀ ਖਾਲੀ ਪਲਾਟ ਵੱਲ ਕਦੋਂ ਗਿਆ ਸੀ।