ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਸਤੰਬਰ
ਸਨਅਤੀ ਸ਼ਹਿਰ ਦੇ ਪੌਸ਼ ਇਲਾਕੇ ’ਚ ਰਹਿਣ ਵਾਲੇ ਤੇ ਸਭ ਤੋਂ ਮਹਿੰਗੇ ਇਲਾਕੇ ਮਾਲਕ ਰੋਡ ’ਤੇ ਸਥਿਤ ਹੈਰੀਟੇਜ ਜਿਊਲਰਜ਼ ਦੇ ਮਾਲਕ ਰੋਹਿਤ ਜੈਨ ਨੇ ਸ਼ੁੱਕਰਵਾਰ ਨੂੰ ਆਪਣੇ ਘਰ ’ਚ ਲਾਇਸੈਂਸੀ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਉਸ ਸਮੇਂ ਕੀਤੀ ਗਈ ਜਦੋਂ ਰੋਹਿਤ ਜੈਨ ਦੇ ਘਰ ’ਚ ਉਸ ਦੀ ਪਤਨੀ ਨਹੀਂ ਸੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਘਰ ਦੇ ਬਾਕੀ ਮੈਂਬਰ ਉੱਪਰ ਰੋਹਿਤ ਦੇ ਕਮਰੇ ’ਚ ਗਏ। ਉਸ ਨੂੰ ਇਲਾਜ ਦੇ ਲਈ ਪ੍ਰਾਈਵੇਟ ਹਸਪਤਾਲ ਪਹੁੰਚਾਇਆ ਗਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉੱਚ ਅਧਿਕਾਰੀ ਤੇ ਥਾਣਾ ਸਰਾਭਾ ਨਗਰ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਪਿਛਲੇਂ ਕੁਝ ਸਮੇਂ ਦੌਰਾਨ ਲੌਕਡਾਊਨ ਸੀ ਤੇ ਰੋਹਿਤ ਜੈਨ ਨੂੰ ਵਪਾਰ ’ਚ ਕੁਝ ਘਾਟਾ ਪੈ ਗਿਆ ਸੀ। ਉਸ ਦੇ ਲੈਣਦਾਰ ਉਸ ਨੂੰ ਪ੍ਰੇਸ਼ਾਨ ਕਰ ਰਹੇ ਸਨ। ਇਸ ਕਾਰਨ ਉਸ ਨੇ ਖ਼ੁਦਕੁਸ਼ੀ ਕੀਤੀ ਹੈ। ਪੁਲੀਸ ਨੇ ਇਸ ਮਾਮਲੇ ’ਚ ਰੋਹਿਤ ਦੀ ਮਾਂ ਕੁਸੁਮ ਦੀ ਸ਼ਿਕਾਇਤ ’ਤੇ ਸੰਦੀਪ ਤੇ ਰੋਹਿਤ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਰੋਹਿਤ ਜੈਨ ਦੀ ਲੌਕਡਾਊਨ ਦੇ ਚੱਲਦੇ ਕਾਫ਼ੀ ਸਮੇਂ ਤੱਕ ਦੁਕਾਨ ਬੰਦ ਰਹੀ ਤੇ ਉਨ੍ਹਾਂ ਨੂੰ ਕੁਝ ਘਾਟਾ ਵੀ ਪਿਆ। ਇਸ ਦੌਰਾਨ ਸੰਦੀਪ ਤੇ ਰੋਹਿਤ ਨੇ ਉਸ ਨੂੰ ਪੈਸਿਆਂ ਲਈ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਕਈ ਵਾਰ ਉਨ੍ਹਾਂ ਦੀ ਫੋਨ ’ਤੇ ਬਹਿਸ ਵੀ ਹੋਈ। ਰੋਹਿਤ ਦੋਵਾਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ, ਉਸ ਨੇ ਇਸ ਬਾਰੇ ’ਚ ਪਰਿਵਾਰ ਵਾਲਿਆਂ ਨਾਲ ਵੀ ਗੱਲ ਕੀਤੀ ਸੀ। 15 ਦਿਨ ਪਹਿਲਾਂ ਰੋਹਿਤ ਜੈਨ ਨੇ ਘਰ ’ਚ ਪਿਆ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ।
ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਅੱਗੇ ਜਾਂਚ ਕੀਤੀ ਜਾਵੇਗੀ।