ਟਿ੍ਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਜਨਵਰੀ
ਸਲੇਮ ਟਾਬਰੀ ਇਲਾਕੇ ਵਿੱਚ 24 ਦਸੰਬਰ ਦੀ ਰਾਤ ਨੂੰ ਸਲਫਾਸ ਖਾ ਕੇ ਖੁਦਕੁਸ਼ੀ ਕਰਨ ਵਾਲੇ ਫਲ ਵਪਾਰੀ ਰਵਿੰਦਰ ਸਿੰਘ ਦੇ ਪਰਿਵਾਰ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ| ਥਾਣਾ ਸਲੇਮ ਟਾਬਰੀ ਦੇ ਬਾਹਰ ਪਰਿਵਾਰ ਵਾਲਿਆਂ ਨੇ ਨਾਅਰੇਬਾਜ਼ੀ ਕੀਤੀ| ਇਸ ਤੋਂ ਬਾਅਦ ਉਨ੍ਹਾਂ ਨੂੰ ਪੁਲੀਸ ਨੇ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਜਾਂਚ ਤੇਜ਼ ਕਰਨ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਰਵਿੰਦਰ ਸਿੰਘ ਦੇ ਸਾਲੇ ਮਨਜੀਤ ਸਿੰਘ ਨੇ ਦੱਸਿਆ ਕਿ ਮੰਡੀ ਦੇ ਵਿਕਰਮ ਸਿੰਘ ਤੇ ਕੁਸ਼ਲ ਨੇ ਚੋਰੀ ਦਾ ਦੋਸ਼ ਲਾ ਕੇ ਉਸ ਦੇ ਜੀਜੇ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਸੀ|
ਪੁਲੀਸ ਘਰੋਂ ਉਨ੍ਹਾਂ ਦੇ ਜੀਜੇ ਨੂੰ ਲੈ ਕੇ ਚਲੀ ਗਈ| ਮਨਜੀਤ ਨੇ ਦੋਸ਼ ਲਾਇਆ ਕਿ ਥਾਣੇ ਵਿੱਚ ਰਵਿੰਦਰ ਸਿੰਘ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਵੀਡੀਓ ਬਣਾ ਲਈ ਗਈ ਤੇ ਬਾਅਦ ’ਚ ਵੀਡੀਓ ਵਾਇਰਲ ਕਰ ਦਿੱਤੀ ਗਈ| ਜਦੋਂ ਵੀਡੀਓ ਮੰਡੀ ‘ਚ ਸਾਰਿਆਂ ਕੋਲ ਪੁੱਜ ਗਈ ਤਾਂ ਰਵਿੰਦਰ ਕਾਫ਼ੀ ਪ੍ਰੇਸ਼ਾਨ ਹੋ ਗਿਆ| ਜਿਸ ਤੋਂ ਬਾਅਦ ਉਹ ਕੰਮ ’ਤੇ ਜਾਣ ਤੋਂ ਬਚਣ ਲੱਗਿਆ| ਪਰਿਵਾਰ ਵਾਲਿਆਂ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਉਹ ਕੰਮ ‘ਤੇ ਨਹੀਂ ਜਾ ਰਿਹਾ ਸੀ| 24 ਦਸੰਬਰ ਦੀ ਰਾਤ ਨੂੰ ਰਵਿੰਦਰ ਨੇ ਘਰ ‘ਚ ਹੀ ਪਈ ਸਲਫਾਸ ਨਿਗਲ ਲਈ। ਪਰਿਵਾਰ ਵਾਲਿਆਂ ਨੇ ਉਸ ਨੂੰ ਇਲਾਜ ਲਈ ਡੀਐੱਮਸੀ ਹਸਪਤਾਲ ਭਰਤੀ ਕਰਵਾਇਆ| ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ| ਮਨਜੀਤ ਨੇ ਦੋਸ਼ ਲਾਇਆ ਕਿ ਪੁਲੀਸ ਨੇ ਸੁਸਾਈਡ ਨੋਟ ਦੇ ਆਧਾਰ ‘ਤੇ ਵਿਕਰਮ ਅਤੇ ਕੁਸ਼ਲ ‘ਤੇ ਕੇਸ ਦਰਜ ਕਰ ਲਿਆ, ਪਰ ਦੋ ਦਿਨ ਬਾਅਦ ਮਿਲੀ ਡਾਇਰੀ ‘ਚ ਵੀ ਕੁਝ ਲੋਕਾਂ ਦੇ ਨਾਮ ਸਨ| ਪੁਲੀਸ ਨੂੰ ਉਸ ਦੇ ਬਾਰੇ ‘ਚ ਦੱਸਿਆ ਗਿਆ ਸੀ, ਪਰ ਪੁਲੀਸ ਉਨ੍ਹਾਂ ਸ਼ਾਹੂਕਾਰ ਆੜ੍ਹਤੀਆ ‘ਤੇ ਕੇਸ ਦਰਜ ਨਹੀਂ ਕਰ ਰਹੀ|
ਉਨ੍ਹਾਂ ਕਿਹਾ ਕਿ ਉਹ ਇਨਸਾਫ਼ ਦੀ ਮੰਗ ਕਰ ਰਹੇ ਹਨ ਤੇ ਇਨਸਾਫ਼ ਉਹ ਹਰ ਹਾਲ ਵਿੱਚ ਲੈਣਗੇ| ਇਸ ਮਾਮਲੇ ‘ਚ ਥਾਣਾ ਸਲੇਮ ਟਾਬਰੀ ਦੇ ਐੱਸਐੱਚਓ ਕ੍ਰਿਸ਼ਨ ਗੋਪਾਲ ਨੇ ਦੱਸਿਆ ਕਿ ਸੁਸਾਈਡ ਨੋਟ ਦੇ ਆਧਾਰ ’ਤੇ ਦੋ ਲੋਕਾਂ ਨੂੰ ਨਾਮਜ਼ਦ ਕੀਤਾ ਸੀ | ਹੁਣ ਪਰਿਵਾਰ ਵਾਲੇ ਤਿੰਨ ਹੋਰ ਲੋਕਾਂ ‘ਤੇ ਦੋਸ਼ ਲਾ ਰਹੇ ਹਨ, ਜੋ ਡਾਇਰੀ ਉਨ੍ਹਾਂ ਨੇ ਦਿੱਤੀ ਹੈ ਪਰਿਵਾਰ ਵਾਲਿਆਂ ਨੂੰ ਕਿਹਾ ਹੈ ਕਿ ਲਿਖਤ ਚੈੱਕ ਕਰਵਾਉਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ |