ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 19 ਅਗਸਤ
ਕਿਸਾਨ ਸੰਘਰਸ਼ ਮੋਰਚੇ ਜ਼ੀਰਾ ਤੋਂ ਬਾਅਦ ਫ਼ਿਰੋਜ਼ਪੁਰ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਸਾਨਾਂ ਵੱਲੋਂ ਖਦੇੜਨ ਦਾ ਸਵਾਗਤ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਜਿਸ ਤਰਕ ਨਾਲ ਤਿੰਨ ਖੇਤੀ ਕਾਨੂੰਨਾਂ ਸਮੇਤ ਹੋਰਨਾਂ ਕਿਸਾਨੀ ਤੇ ਪੰਜਾਬ ਦੇ ਮੁੱਦਿਆਂ ’ਤੇ ਸਵਾਲਾਂ ਦੀ ਬੁਛਾੜ ਕੀਤੀ, ਉਸ ਅੱਗੇ ਸੁਖਬੀਰ ਬਾਦਲ ਟਿਕ ਨਹੀਂ ਸਕੇ। ਮੋਰਚੇ ਨੇ ਇਸ ਸਮੇਂ ਐਲਾਨ ਕੀਤਾ ਕਿ ਭਾਜਪਾ ਤੋਂ ਇਲਾਵਾ ਅਕਾਲੀ, ਕਾਂਗਰਸੀ ਤੇ ਹਰੇਕ ਮੌਕਾਪ੍ਰਸਤ ਪਾਰਟੀਆਂ ਦਾ ਹਰ ਪੱਧਰ ’ਤੇ ਡੱਟਵਾਂ ਵਿਰੋਧ ਕੀਤਾ ਜਾਵੇਗਾ। ਸਥਾਨਕ ਰੇਲਵੇ ਪਾਰਕ ’ਚ ਕਿਸਾਨ ਮੋਰਚੇ ਦੇ 323ਵੇਂ ਦਿਨ ’ਚ ਦਾਖਲ ਹੋਣ ਮੌਕੇ ਸਭ ਤੋਂ ਪਹਿਲਾਂ ਪ੍ਰਸਿੱਧ ਨਾਟਕਕਾਰ ਮਰਹੂਮ ਅਜਮੇਰ ਔਲਖ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਯਾਦ ਕੀਤਾ ਗਿਆ। ਕਿਸਾਨ ਆਗੂ ਹਰਬੰਸ ਸਿੰਘ ਬਾਰਦੇਕੇ ਦੀ ਪ੍ਰਧਾਨਗੀ ਹੇਠ ਚੱਲੇ ਧਰਨੇ ’ਚ ਕਿਸਾਨ ਆਗੂਆਂ ਨੇ ਕਿਹਾ ਕਿ ਸੂਬੇ ਭਰ ’ਚ ਵੋਟਾਂ ਵਟੋਰਨ ਨਿੱਕਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਕੱਲ੍ਹ ਜ਼ੀਰਾ ਤੋਂ ਬਾਅਦ ਅੱਜ ਫ਼ਿਰੋਜ਼ਪੁਰ ਵਿੱਚ ਕਿਸਾਨਾਂ ਨੇ ਸਵਾਲਾਂ ਦੀ ਬੁਛਾੜ ਕਰਕੇ ਭੱਜਣ ਲਈ ਮਜਬੂਰ ਹੋਣਾ ਪਿਆ। ਆਗੂਆਂ ਨੇ ਕਿਹਾ ਕਿ ਜਗਰਾਉਂ ਇਲਾਕੇ ’ਚ ਵੀ ਸੁਖਬੀਰ ਬਾਦਲ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ।
ਉਥੇ ਹੀ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਸਥਿਤ ਚੌਕੀਮਾਨ ਟੌਲ ਪਲਾਜ਼ਾ ’ਤੇ ਧਰਨਾ ਜਾਰੀ ਰਿਹਾ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਕਿਲ੍ਹਾ ਰਾਏਪੁਰ ’ਚ ਖ਼ੁਸ਼ਕ ਬੰਦਰਗਾਹ ਸਾਹਮਣੇ ਕਿਸਾਨ ਆਗੂਆਂ ਨੇ ਅਡਾਨੀਆਂ ਦੇ ਝੂਠ ਦਾ ਚੌਰਾਹੇ ਭਾਂਡਾ ਭੰਨਦੇ ਹੋਏ ਕਿਹਾ ਕਿ ਕਈ ਦਿਨਾਂ ਤੱਕ ਮੀਡੀਆ ਅਤੇ ਅਡਾਨੀ ਘਰਾਣੇ ਵੱਲੋਂ ਪਰੋਸੇ ਝੂਠ ਨੂੰ ਲੋਕ ਹੁਣ ਜਾਣ ਗਏ ਹਨ। ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਲੜੀਵਾਰ ਧਰਨੇ ਦੀ ਅਗਵਾਈ ਰਾਜਿੰਦਰ ਕੌਰ, ਮਹਿੰਦਰ ਕੌਰ ਅਤੇ ਸੁਖਵਿੰਦਰ ਕੌਰ ਨੇ ਕੀਤੀ।
ਮਹਿੰਗਾਈ ਖਿਲਾਫ਼ ਲੋਕਾਂ ਨੂੰ ਇਕਜੁੱਟ ਹੋਣ ਦੀ ਅਪੀਲ
ਖੰਨਾ (ਨਿੱਜੀ ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਇਥੋਂ ਦੇ ਰੇਲਵੇ ਸਟੇਸ਼ਨ ਦੇ ਬਾਹਰ ਆਰੰਭਿਆ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ, ਹਰਜਿੰਦਰ ਸਿੰਘ ਰਤਨਹੇੜੀ ਅਤੇ ਅਮਨਦੀਪ ਵਰਮਾ ਅਮਰਗੜ੍ਹ ਨੇ ਕਿਹਾ ਕਿ ਇਕ ਪਾਸੇ ਕੇਂਦਰ ਸਰਕਾਰ ਨੇ ਕਰੋਨਾ ਦੀ ਆੜ ਹੇਠ ਕਾਲੇ ਖੇਤੀ ਕਾਨੂੰਨ ਲਾਗੂ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਦੂਜੇ ਪਾਸੇ ਪੈਟਰੋਲ-ਡੀਜ਼ਲ, ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਆਮ ਲੋਕਾਂ ਦਾ ਕਚੂੰਮਰ ਕੱਢਿਆ ਹੈ। ਮਹਿੰਗਾਈ ਖ਼ਿਲਾਫ਼ ਲੋਕਾਂ ਨੂੰ ਧਰਮ, ਜਾਤ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵੱਡੀ ਲੜਾਈ ਲੜਨ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ।