ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਅਗਸਤ
ਪੀਏਯੂ ਦੇ ਵਿਦਿਆਰਥੀਆਂ/ਬੇਰੁਜ਼ਗਾਰਾਂ ਦਾ ਰੋਸ ਪ੍ਰਦਰਸ਼ਨ 18ਵੇਂ ਅਤੇ ਮਰਨ ਵਰਤ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਵਿਦਿਆਰਥੀਆਂ ਨੂੰ ਮਿਲਣ ਆਏ ਸਿਆਸੀ ਆਗੂ ਸੁਖਪਾਲ ਖਹਿਰਾ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਮੰਗਾਂ ਜਾਇਜ਼ ਹਨ ਅਤੇ ਉਹ ਇਹ ਮੁੱਦਾ ਸਰਕਾਰ ਕੋਲ ਵੀ ਉਠਾਉਣਗੇ।
ਪੰਜਾਬ ਦੇ ਖੇਤੀਬਾੜੀ ਵਿਭਾਗ ਵਿੱਚ ਖਾਲੀ ਅਸਾਮੀਆਂ ਭਰਨ ਦੀ ਮੰਗ ਨੂੰ ਲੈ ਕੇ ਚੱਲ ਰਹੇ ਉਕਤ ਰੋਸ ਪ੍ਰਦਰਸ਼ਨ ਵਿੱਚ ਅੱਜ ਦੂਜੇ ਦਿਨ ਵੀ ਨੌਜਵਾਨ ਬਬਨਪ੍ਰੀਤ ਸਿੰਘ ਮਰਨ ਵਰਤ ’ਤੇ ਬੈਠਾ ਰਿਹਾ। ਇਸ ਦੌਰਾਨ ਸੁਖਪਾਲ ਖਹਿਰਾ ਵਿਦਿਆਰਥੀਆਂ/ ਬੇਰੁਜ਼ਗਾਰਾਂ ਨੂੰ ਮਿਲਣ ਪਹੁੰਚੇ। ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਸਾਰੀਆਂ ਮੰਗਾਂ ਨੂੰ ਜਾਇਜ਼ ਦੱਸਦੇ ਹੋਏ ਇਸ ਮੁੱਦੇ ਨੂੰ ਸਰਕਾਰ ਕੋਲ ਉਠਾਉਣ ਦਾ ਭਰੋਸਾ ਦਿੱਤਾ। ਮਰਨ ਵਰਤ ’ਤੇ ਬੈਠੇ ਨੌਜਵਾਨ ਬਬਨਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀ ਮੰਗ ਮੰਨ ਲੈਂਦੀ ਤਾਂ ਉਨ੍ਹਾਂ ਨੂੰ ਮਰਨ ਵਰਤ ਵਰਗਾ ਸਖ਼ਤ ਫੈਸਲਾ ਲੈਣ ਦੀ ਲੋੜ ਹੀ ਨਾ ਪੈਂਦੀ। ਉੱਧਰ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪੁਲੀਸ ਅਧਿਕਾਰੀਆਂ ਨਾਲ ਹੋਈ ਮੀਟਿੰਗ ਹਾਂ ਪੱਖੀ ਰਹੀ ਹੈ।
ਸੀਪੀਆਈ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਮਿਊਨਿਸਟ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਪੱਤਰ ਵਿੱਚ ਪੀਏਯੂ ਦੇ ਵਿਦਿਆਰਥੀਆਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ਹੈ,ਜੋ ਖੇਤੀਬਾੜੀ, ਬਾਗਬਾਨੀ ਭੂਮੀ ਰੱਖਿਆ ਅਤੇ ਪਸ਼ੂ ਪਾਲਣ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ ਹਨ। ਪਾਰਟੀ ਦੇ ਸਕੱਤਰ ਡੀਪੀ ਮੋੜ ਨੇ ਪੱਤਰ ਵਿੱਚ ਲਿਖਿਆ ਹੈ ਕਿ ਪੰਜਾਬ ਸਰਕਾਰ ਨੂੰ ਤੁਰੰਤ ਪਹਿਲਕਦਮੀ ਕਰਕੇ ਇਨ੍ਹਾਂ ਨਾਲ ਗੱਲਬਾਤ ਕਰਦਿਆਂ ਮੰਗਾਂ ਦਾ ਨਿਪਟਾਰਾ ਕਰਨਾ ਚਾਹੀਦਾ ਹੈ।