ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਮਈ
ਕਰੋਨਾ ਮਹਾਮਰੀ ਨੂੰ ਅੱਗੇ ਵਧਣ ਤੋਂ ਰੋਕਣ ਦੇ ਮਕਸਦ ਨਾਲ ਜ਼ਿਲ੍ਹੇ ਵਿੱਚ ਸ਼ਨਿਚਰਵਾਰ ਅਤੇ ਐਤਵਾਰ ਲੱਗਦੀ ਹਫਤਾਵਾਰੀ ਤਾਲਾਬੰਦੀ ਦੌਰਾਨ ਅੱਜ ਸ਼ਹਿਰ ਅਤੇ ਆਲੇ-ਦੁਆਲੇ ਦੀਆਂ ਮੁੱਖ ਸੜਕਾਂ ਦੇ ਨਾਲ ਨਾਲ ਬਾਜ਼ਾਰਾਂ ਦੀਆਂ ਸੜਕਾਂ ’ਤੇ ਵੀ ਸੁੰਨ ਪੱਸਰੀ ਰਹੀ। ਕਈ ਬਾਜ਼ਾਰਾਂ ਵਿੱਚ ਸੜਕਾਂ ਦੇ ਕਿਨਾਰਿਆਂ ’ਤੇ ਖੜ੍ਹੇ ਰਿਕਸ਼ਾ ਚਾਲਕ ਸਵਾਰੀਆਂ ਦੀ ਉਡੀਕ ਕਰਦੇ ਵੀ ਦੇਖੇ ਗਏ। ਇੱਕ ਦੂਜੇ ਦੇ ਸੰਪਰਕ ਨਾਲ ਅੱਗੇ ਫੈਲ ਰਹੀ ਕਰੋਨਾ ਮਹਾਮਾਰੀ ਦੀ ਕੜੀ ਨੂੰ ਤੋੜਨ ਲਈ ਅੱਜ ਜ਼ਿਲ੍ਹੇ ਵਿੱਚ ਹਵਤਾਵਾਰੀ ਤਾਲਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਗਿਆ।
ਸਵੇਰ ਤੋਂ ਸ਼ਾਮ ਤੱਕ ਸ਼ਹਿਰ ਤੇ ਸਾਰੇ ਹੀ ਬਾਜ਼ਾਰਾਂ ਦੀਆਂ ਸੜਕਾਂ ਪੂਰੀ ਤਰ੍ਹਾਂ ਖਾਲੀ ਰਹੀਆਂ। ਕਈ ਬਾਜ਼ਾਰਾਂ ਦੀਆਂ ਸੜਕਾਂ ਦੇ ਕਿਨਾਰਿਆਂ ’ਤੇ ਰਿਕਸ਼ੇ ਵਾਲੇ ਸਵਾਰੀਆਂ ਦੀ ਉਡੀਕ ਵਿੱਚ ਖੜ੍ਹੇ ਵੀ ਦੇਖੇ ਗਏ। ਜਿਹੜੇ ਇੱਕਾ ਦੁੱਗਾ ਵਾਹਨ ਸੜਕਾਂ ’ਤੇ ਘੁੰਮ ਰਹੇ ਸਨ ਉਨ੍ਹਾਂ ਤੋਂ ਵੱਖ ਵੱਖ ਚੌਕਾਂ ’ਤੇ ਖੜ੍ਹੇ ਪੁਲੀਸ ਮੁਲਾਜ਼ਮਾਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਬਿਨਾਂ ਈ-ਪਾਸ ਅਤੇ ਬਿਨਾਂ ਕਿਸੇ ਕੰਮ ’ਤੇ ਵਾਹਨ ਚਲਾਉਣ ਵਾਲਿਆਂ ਦੇ ਪੁਲੀਸ ਵੱਲੋਂ ਚਲਾਨ ਵੀ ਕੱਟੇ ਗਏ। ਇਸੇ ਤਰ੍ਹਾਂ ਮਾਸਕ ਤੋਂ ਬਗੈਰ ਘੁੰਮਣ ਵਾਲਿਆਂ ਵਿਰੁੱਧ ਵੀ ਸਖਤੀ ਕੀਤੀ ਗਈ। ਦੂਜੇ ਪਾਸੇ ਸ਼ਹਿਰ ਤੋਂ ਦੂਰ ਦੁਰਾਡੇ ਇਲਾਕਿਆਂ ਵਿੱਚ ਦੇਰ ਸ਼ਾਮ ਨੂੰ ਲੋਕਾਂ ਦੀ ਭੀੜ ਪਹਿਲਾਂ ਦੀ ਤਰ੍ਹਾਂ ਦੇਖਣ ਨੂੰ ਮਿਲੀ। ਸ਼ਹਿਰ ਦੀਆਂ ਅੰਦਰਲੀਆਂ ਗਲੀਆਂ ਵਿੱਚ ਲੋਕ ਘੁੰਮ ਰਹੇ ਸਨ। ਜ਼ਿਲ੍ਹਾ ਪ੍ਰਸਾਸ਼ਨ ਨੇ ਮਹਾਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹੇ ਵਿੱਚ ਸੋਮਵਾਰ ਤੋਂ ਸਾਰੀਆਂ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 5 ਵਜੇ ਤੋਂ ਦੁਪਹਿਰ 12 ਵਜੇ ਤੱਕ ਦਾ ਰੱਖਿਆ ਹੈ। 12 ਵਜੇ ਤੋਂ ਬਾਅਦ ਤਾਲਾਬੰਦੀ ਹੋਵੇਗੀ ਜੋ ਮੰਗਲਵਾਰ ਸਵੇਰੇ 5 ਵਜੇ ਤੱਕ ਜਾਰੀ ਰਹੇਗੀ।