ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 10 ਅਪਰੈਲ
ਅਨੁਸੂਚਿਤ ਜਾਤੀ ਨਾਲ ਸਬੰਧਤ ਗਰੀਬ ਪਰਿਵਾਰ ਨੂੰ ਕਥਿਤ ਨਾਜਾਇਜ਼ ਹਿਰਾਸਤ ’ਚ ਰੱਖਣ ਅਤੇ ਝੂਠਾ ਕੇਸ ਪਾਉਣ ਦੇ ਮਾਮਲੇ ’ਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ, ਇਥੇ ਥਾਣਾ ਸਿਟੀ ਅੱਗੇ ਧਰਨਾ ਅਤੇ ਭੁੱਖ ਹੜਤਾਲ ਜਾਰੀ ਹੈ। ਡੀਐੱਸਪੀ ਸਣੇ ਹੋਰਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਧਰਨੇ ’ਚ ਹੀ ਭੁੱਖ ਹੜਤਾਲ ’ਤੇ ਬੈਠੀ ਪੀੜਤ ਪਰਿਵਾਰ ਦੀ 75 ਸਾਲਾ ਮਾਤਾ ਸੁਰਿੰਦਰ ਕੌਰ ਦੀ ਅੱਜ ਬਾਰ੍ਹਵੇਂ ਦਿਨ ਹਾਲਤ ਵਿਗੜਨੀ ਸ਼ੁਰੂ ਹੋ ਗਈ ਹੈ। ਉਥੇ ਹੀ ਧਰਨੇ ਦੇ ਪੰਦਰਵੇਂ ਦਿਨ ਸਭ ਤੋਂ ਪਹਿਲਾਂ ਬੀਤੇ ਕੱਲ੍ਹ ਧਰਨੇ ਨੂੰ ਸੰਬੋਧਨ ਕਰਨ ਮਗਰੋਂ ਫੌਤ ਹੋਏ ਸੇਵਾਮੁਕਤ ਬੀਪੀਈਓ ਗੁਰਦੇਵ ਸਿੰਘ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਧਰਨੇ ਨੂੰ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਾਧੂ ਸਿੰਘ ਅੱਚਰਵਾਲ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਮਨੋਹਰ ਸਿੰਘ ਝੋਰੜਾਂ, ਭਾਰਤੀ ਕਿਸਾਨ ਯੂਨੀਅਨ ਦੇ ਕੁੰਡਾ ਸਿੰਘ ਕਾਉਂਕੇ ਤੇ ਦਲਜੀਤ ਸਿੰਘ ਅਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ ਢੋਲਣ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਪੁਲੀਸ ਦੇ ਕਥਿਤ ਪੱਖਪਾਤੀ ਵਤੀਰੇ ਦੀ ਨਿਖੇਧੀ ਕੀਤੀ।