ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਜੁਲਾਈ
ਪੀਏਯੂ ਐਂਪਲਾਈਜ਼ ਯੂਨੀਅਨ ਦੀ ਐਗਜ਼ੈਕਟਿਵ ਕੌਂਸਲ ਨੇ ਲਾਲ ਬਹਾਦਰ ਯਾਦਵ ਅਤੇ ਮਨਮੋਹਨ ਸਿੰਘ ਦੀ ਅਗਵਾਈ ਹੇਠ ਅੱਜ ਪੀਏਯੂ ਦੇ ਡਿਪਟੀ ਕੰਟਰੋਲਰ ਲੋਕਲ ਆਡਿਟ ਦਾ ਦੋ ਘੰਟੇ ਤੱਕ ਘਿਰਾਓ ਕੀਤਾ। ਮੁਲਾਜ਼ਮਾਂ ਦਾ ਕਹਿਣਾ ਸੀ ਕਿ ਸਬੰਧਤ ਅਧਿਕਾਰੀ ਕਥਿਤ ਤੌਰ ’ਤੇ ਆਪਣੀ ਮਨਮਰਜ਼ੀ ਕਰਦੇ ਹੋਏ ਜੂਨੀਅਰ/ਸੀਨੀਅਰ ਦੇ ਅਨਾਮਲੀ ਕੇਸ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਟਿਕ ਨਹੀਂ ਰਹੇ। ਇਸ ਕਾਰਨ ਨਵੇਂ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਪਿਛਲੇ 5-6 ਮਹੀਨਿਆਂ ਤੋਂ ਪੈਨਸ਼ਨਾਂ ਨਹੀਂ ਮਿਲ ਰਹੀਆਂ। ਇਸੇ ਤਰ੍ਹਾਂ ਨਵੀਆਂ ਅਸਾਮੀਆਂ ਦੀ ਤਨਖਾਹ ਨਵੇਂ ਸਕੇਲਾਂ ਵਿੱਚ ਟਿਕ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਕਤ ਅਧਿਕਾਰੀ ਨੂੰ ਮੁਲਾਜ਼ਮਾਂ ਦੇ ਮਸਲੇ 10 ਦਿਨ ਦੇ ਅੰਦਰ ਅੰਦਰ ਹੱਲ ਕਰਨ ਲਈ ਕਿਹਾ ਗਿਆ ਹੈ। ਜੇਕਰ ਮਸਲਾ ਹੱਲ ਨਾ ਕੀਤਾ ਤਾਂ ਪੱਕਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਦੀ ਸਾਰੀ ਜਿੰਮੇਵਾਰੀ ਸਬੰਧਤ ਅਧਿਕਾਰੀ ਦੀ ਹੋਵੇਗੀ। ਯੂਨੀਅਨ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਨੇ ਦੱਸਿਆ ਕਿ ਸਬੰਧਤ ਅਧਿਕਾਰੀ ਨਾਲ ਪਹਿਲਾਂ ਵੀ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ। ਪਿੱਛੇ ਜਿਹੇ 59 ਦਿਨਾਂ ਦੇ ਧਰਨੇ ਦੌਰਾਨ ਕਈ ਮੰਗਾਂ ਮੰਨੀਆਂ ਸਨ ਪਰ ਬਾਅਦ ਵਿੱਚ ਉਨ੍ਹਾਂ ਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ। ਸਬੰਧਤ ਅਧਿਕਾਰੀ ਦਾ ਲੰਘੇ ਮੰਗਲਵਾਰ ਵੀ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਉਹ ਦਫਤਰ ਨਹੀਂ ਆਏ ਜਿਸ ਕਰਕੇ ਅੱਜ ਦੋ ਘੰਟੇ ਤੱਕ ਉਨ੍ਹਾਂ ਦੇ ਕਮਰੇ ਵਿੱਚ ਹੀ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਉਕਤ ਤੋਂ ਇਲਾਵਾ ਨਵਨੀਤ ਸ਼ਰਮਾ, ਧਰਮਿੰਦਰ ਸਿੰਘ ਸਿੱਧੂ, ਦਲਜੀਤ ਸਿੰਘ, ਗੁਰਇਕਬਾਲ ਸਿੰਘ ਸੋਹੀ, ਕੇਸ਼ਵ ਰਾਏ ਸੈਣੀ, ਹਰਮਿੰਦਰ ਸਿੰਘ, ਮੋਹਨ ਲਾਲ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।