ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਸਤੰਬਰ
ਇਥੋਂ ਦੇ ਦੁੱਗਰੀ ਪੁਲ ’ਤੇ ਸਫ਼ਾਈ ਕਰਮੀਆਂ ਵੱਲੋਂ ਜਾਮ ਲਗਾਉਣ ਕਾਰਨ ਪੁਲ ’ਤੇ ਲੰਮਾ ਸਮਾਂ ਆਵਾਜਾਈ ਠੱਪ ਰਹੀ। ਸਫ਼ਾਈ ਕਰਮੀਆਂ ਨੇ ਇਹ ਧਰਨਾ ਉਸ ਵੇਲੇ ਲਗਾਇਆ ਜਦੋਂ ਹਲਕੇ ਦੀ ਕੌਂਸਲਰ ਦੇ ਪੁੱਤਰ ਗੁਰਪ੍ਰੀਤ ਗੋਪੀ ਵੱਲੋਂ ਕਰਮੀਆਂ ਨੂੰ ਡੰਪ ’ਤੇ ਕੂੜਾ ਸੁੱਟਣ ਤੋਂ ਮਨ੍ਹਾਂ ਕਰ ਦਿੱਤਾ ਗਿਆ। ਗੁੱਸੇ ’ਚ ਆਏ ਸਫ਼ਾਈ ਕਰਮੀਆਂ ਨੇ ਦੁੱਗਰੀ ਪੁਲ ’ਤੇ ਜਾਮ ਲਗਾ ਦਿੱਤਾ। ਇਸ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ ਪੁੱਜੇ ਤੇ ਉਨ੍ਹਾਂ ਦੋਹਾਂ ਧਿਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕੂੜਾ ਸੁੱਟਣ ਲਈ ਇਜਾਜ਼ਤ ਦਿੱਤੀ। ਇਸ ਮੌਕੇ ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ ਨੇ ਕਿਹਾ ਕਿ ਇਹ ਡੰਪ ਦੋ ਵਾਰਡਾਂ ਦੇ ਕੂੜੇ ਦੀ ਸਮਰੱਥਾ ਵਾਲਾ ਹੈ ਪਰ ਇੱਥੇ ਅੱਠ ਵਾਰਡਾਂ ਦਾ ਕੂੜਾ ਸੁੱਟਿਆ ਜਾਂਦਾ ਹੈ।