ਗੁਰਿੰਦਰ ਸਿੰਘ
ਲੁਧਿਆਣਾ, 4 ਜੁਲਾਈ
ਨਗਰ ਨਿਗਮ ਦੇ ਸਫ਼ਾਈ ਅਤੇ ਸੀਵਰਮੈਨ ਮੁਲਾਜ਼ਮਾਂ ਵੱਲੋਂ ਕੱਚੇ ਮੁਲਾਜ਼ਮ ਪੱਕੇ ਕਰਨ ਅਤੇ ਹੋਰ ਮੰਗਾਂ ਦੇ ਹੱਕ ਵਿੱਚ ਅੱਜ ਚੌਕ ਘੰਟਾ ਘਰ ਵਿੱਚ ਕੂੜੇ ਦੇ ਢੇਰ ਲਗਾ ਕੇ ਸੜਕੀ ਆਵਾਜਾਈ ਠੱਪ ਰੱਖੀ ਗਈ। ਨਗਰ ਨਿਗਮ ਮੁਲਾਜ਼ਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਦੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਇਸ ਤੋਂ ਪਹਿਲਾਂ ਮਾਤਾ ਰਾਣੀ ਚੌਕ ਸਥਿਤ ਨਗਰ ਨਿਗਮ ਜ਼ੋਨ ਏ ਦਫ਼ਤਰ ਬਾਹਰ ਰੈਲੀ ਕੀਤੀ ਅਤੇ ਅਧਿਕਾਰੀਆਂ ਨੂੰ ਮੰਗਾਂ ਦੇ ਹੱਕ ਵਿੱਚ ਮੰਗ ਪੱਤਰ ਦਿੱਤਾ।
ਰੈਲੀ ਉਪਰੰਤ ਮੁਲਜ਼ਮ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਘੰਟਾ ਘਰ ਚੌਕ ਪੁੱਜੇ ਜਿੱਥੇ ਉਨ੍ਹਾਂ ਧਰਨਾ ਦੇ ਕੇ ਸੜਕੀ ਆਵਾਜਾਈ ਠੱਪ ਰੱਖੀ। ਇਸ ਦੌਰਾਨ ਸਫ਼ਾਈ ਮੁਲਾਜ਼ਮ ਕੂੜੇ ਦੇ ਭਰੇ ਹੋਏ ਰੇਹੜੇ ਅਤੇ ਰਿਕਸ਼ੇ ਲੈ ਕੇ ਆ ਗਏ ਜੋ ਉਨ੍ਹਾਂ ਚੌਕ ਦੇ ਸਾਰੇ ਰਸਤਿਆਂ ’ਤੇ ਖਿੰਡਾ ਦਿੱਤੇ। ਇਸ ਮੌਕੇ ਬੇਸ਼ੱਕ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਪਰ ਕਿਸੇ ਵੀ ਮੁਲਾਜ਼ਮ ਜਾਂ ਅਧਿਕਾਰੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ।
ਇਸ ਮੌਕੇ ਜਥੇਬੰਦੀ ਦੇ ਆਗੂਆਂ ਸਮੇਂ ਸਿੰਘ ਬਿਰਲਾ, ਪਿੰਕਾ ਚੰਡਾਲੀਆ, ਵਿਜੇ ਦਾਨਵ, ਚੌਧਰੀ ਯਸ਼ਪਾਲ, ਨਰੇਸ਼ ਧੀਂਗਾਨ, ਲਵ ਦ੍ਰਾਵਿੜ, ਜਸਬੀਰ ਲਵਣ, ਡੀਪੀ ਖੋਸਲਾ ਅਤੇ ਰੌਬਿਨ ਅਟਵਾਲ ਨੇ ਕਿਹਾ ਕਿ ਉਹ ਪਿਛਲੇ ਇਕ ਮਹੀਨੇ ਤੋਂ ਮੰਗਾਂ ਦੇ ਹੱਕ ਵਿੱਚ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਕਮਿਸ਼ਨਰ ਅਤੇ ਮੇਅਰ ਨਾਲ ਹੋਈ ਮੀਟਿੰਗ ਦੌਰਾਨ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਲਗਪਗ ਫ਼ੈਸਲਾ ਕੀਤਾ ਗਿਆ ਸੀ ਪਰ ਇਸ ਉੱਪਰ ਵੀ ਅਮਲ ਕਰਨ ਤੋਂ ਨਾਂਹ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਿਗਮ ਅਧਿਕਾਰੀ ਹੁਣ ਪੰਜਾਬ ਸਰਕਾਰ ਦੇ ਫ਼ੈਸਲੇ ਮੁਤਾਬਕ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਕਰ ਰਹੇ ਹਨ। ਉਨ੍ਹਾਂ ਧਮਕੀ ਦਿੱਤੀ ਕਿ ਜੇ ਕੱਚੇ ਸਫ਼ਾਈ ਮੁਲਾਜ਼ਮਾਂ ਅਤੇ ਸੀਵਰਮੈਨਾਂ ਨੂੰ ਪੱਕਾ ਕਰ ਕੇ ਰਹਿੰਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ।
ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਸ਼ਹਿਰ ਨਾਲ ਸਬੰਧਿਤ ਸਾਰੇ ਵਿਧਾਇਕਾਂ ਨੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਅਣਗਹਿਲੀ ਵਾਲਾ ਰਵੱਈਆ ਅਖ਼ਤਿਆਰ ਕੀਤਾ ਹੋਇਆ ਹੈ। ਉਨ੍ਹਾਂ ਐਲਾਨ ਕੀਤਾ ਕਿ ਭਲਕੇ ਇਕ ਦਿਨ ਦੀ ਭੁੱਖ ਹੜਤਾਲ ਰੱਖੀ ਜਾਵੇਗੀ ਤੇ ਜੇ ਉਸ ਤੋਂ ਬਾਅਦ ਵੀ ਕੋਈ ਸੁਣਵਾਈ ਨਾ ਹੋਈ ਤਾਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।