ਸਤਵਿੰਦਰ ਬਸਰਾ
ਲੁਧਿਆਣਾ, 24 ਮਈ
ਪੰਜਾਬੀ ਮਾਂ ਬੋਲੀ ਦੀ ਝੋਲੀ ਕਈ ਪੁਸਤਕਾਂ ਪਾਉਣ ਵਾਲੇ ਅਤੇ ਪੰਜਾਬ ਫੌਂਟ ਨੂੰ ਆਮ ਲੋਕਾਂ ਦੀ ਪਹੁੰਚ ਵਿੱਚ ਲਿਆਉਣ ਵਾਲੇ ਜਨਮੇਜਾ ਸਿੰਘ ਜੌਹਲ ਨੇ ਹੁਣ ਇੱਕ ਅਜਿਹੀ ਫੱਟੀ ਤਿਆਰ ਕੀਤੀ ਹੈ ਜਿਸ ਤੋਂ ਗੁਰਮੁਖੀ ਪੜ੍ਹਨੀ ਹੋਰ ਵੀ ਸੌਖੀ ਹੋ ਗਈ ਹੈ।
ਪੀਏਯੂ ਵਿੱਚੋਂ ਪੜ੍ਹੇ ਅਤੇ ਫੋਟੋਗ੍ਰਾਫਰ ਵਜੋਂ ਮਸ਼ਹੂਰ ਜਨਮੇਜਾ ਸਿੰਘ ਜੌਹਲ ਨੇ ਪੰਜਾਬੀ ਫੌਟਸ ਤੋਂ ਇਲਾਵਾ ਪੰਜਾਬੀ ਫੌਂਟ ਕਨਵਰਟਰ ਕਈ ਸਾਲ ਪਹਿਲਾਂ ਹੀ ਤਿਆਰ ਕਰ ਦਿੱਤੇ ਸਨ। ਹੁਣ ਸ੍ਰੀ ਜੌਹਲ ਨੇ ਇੱਕ ਅਜਿਹੀ ਫੱਟੀ ਤਿਆਰ ਕੀਤੀ ਹੈ ਜਿਸ ’ਤੇ ਨਾ ਸਿਰਫ ਪੂਰਾ ੳ ਅ ਲਿਖਿਆ ਹੈ ਸਗੋਂ ਇਸ ਨੂੰ ਸਹੀ ਤਰ੍ਹਾਂ ਬੋਲਣ ਦਾ ਤਰੀਕਾ ਵੀ ਦੱਸਿਆ ਗਿਆ ਹੈ। ਆਮ ਤੌਰ ’ਤੇ ਔਖੇ ਲੱਗਣ ਵਾਲੇ ਅੱਖਰਾਂ ਨੂੰ ‘ਖਾਲੀ’ ਕਹਿ ਕੇ ਛੱਡ ਦਿੱਤਾ ਜਾਂਦਾ ਸੀ। ਇਨ੍ਹਾਂ ਅੱਖਰਾਂ ਨੂੰ ਵਰਤੋਂ ਵਿੱਚ ਲਿਆਉਣ ਲਈ ਹੀ ਸ੍ਰੀ ਜੌਹਲ ਨੇ ਇੱਕ ਫੱਟੀ ਤਿਆਰ ਕੀਤੀ ਹੈ ਜਿਸ ’ਤੇੇ ਇੱਕ ਕਿਊਆਰ ਕੋਡ ਲਾਇਆ ਗਿਆ ਹੈ। ਇਸ ਕੋਡ ਨੂੰ ਗੂਗਲ ਜਾਂ ਕਿਸੇ ਹੋਰ ਐੱਪ ਨਾਲ ਸਕੈਨ ਕਰਕੇ ਯੂ-ਟਿਊਬ ’ਤੇ ਇਸ ਦਾ ਸ਼ੁੱਧ ਉਚਾਰਨ ਸੁਣਿਆ ਜਾ ਸਕਦਾ ਹੈ। ਇਸ ਲਈ ਪੰਜ ਤਰ੍ਹਾਂ ਦੀਆਂ ਆਵਾਜ਼ਾਂ ਨੂੰ ਰਿਕਾਰਡ ਕੀਤਾ ਗਿਆ ਹੈ ਤਾਂ ਜੋ ਹਰ ਕੋਈ ਇਸ ਨੂੰ ਸੌਖਿਆਂ ਸਮਝ ਕੇ ਬੋਲ ਸਕੇ। ਉਨ੍ਹਾਂ ਦੱਸਿਆ ਕਿ ਇਹ ਫੱਟੀ ਉਨ੍ਹਾਂ ਬੱਚਿਆਂ ਲਈ ਬਹੁਤ ਲਾਹੇਵੰਦ ਹੈ ਜਿਹੜੇ ਨਵੇਂ ਨਵੇਂ ਪੰਜਾਬੀ ਸਿੱਖਣ ਲੱਗੇ ਹਨ। ਇਸ ਨਾਲ ਉਨ੍ਹਾਂ ਨੂੰ ਨਾ ਸਿਰਫ ਸ਼ੁੱਧ ਪੰਜਾਬੀ ਲਿਖਣੀ ਆਵੇਗੀ ਸਗੋਂ ਉਹ ਸ਼ੁੱਧ ਪੰਜਾਬੀ ਬੋਲਣਾ ਵੀ ਸਿੱਖਣਗੇ। ਇਹ ਫੱਟੀ ਪੰਜਾਬੀ ਭਵਨ ਦੇ ਬੁੱਕ ਬਾਜ਼ਾਰ ਤੋਂ 100 ਤੋਂ 150 ਰੁਪਏ ਕੀਮਤ ’ਤੇ ਖਰੀਦੀ ਜਾ ਸਕਦੀ ਹੈ।