ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਦਸੰਬਰ
ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲੀਸ ਨੇ ਮੁਹੱਲਾ ਧਰਮਪੁਰਾ ਵਿੱਚ ਰਹਿੰਦੇ ਬਾਬਾ ਵਿੱਕੀ ਸਾਂਈ ਨੂੰ ਇੱਕ ਨਾਬਾਲਗ ਲੜਕੀ ਨਾਲ ਜਬਰ-ਜਨਾਹ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਮੁਹੱਲਾ ਨਿਸ਼ਾਤ ਬਾਗ ਭੱਟੀਆਂ ਕਲੋਨੀ ਵਾਸੀ ਇੱਕ ਔਰਤ ਨੇ ਦੱਸਿਆ ਹੈ ਕਿ ਉਸ ਦਾ ਪਤੀ ਸੰਜੀਵ ਕੁਮਾਰ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸੀ। ਕਿਸੇ ਦੇ ਕਹਿਣ ’ਤੇ ਉਹ ਉਸ ਨੂੰ ਇਲਾਜ ਲਈ ਬਾਬਾ ਵਿੱਕੀ ਸਾਈਂ ਕੋਲ ਲੈ ਕੇ ਗਈ ਅਤੇ ਇਲਾਜ ਕਰਾਇਆ ਪਰ 7 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ। ਬਾਬੇ ਨੇ ਉਸ ਨੂੰ ਕਿਹਾ ਕਿ ਤੁਹਾਡੀ 16-17 ਸਾਲ ਦੀ ਵੱਡੀ ਲੜਕੀ ਉੱਪਰ ਵੀ ਸੰਕਟ ਹੈ। ਉਸ ਨੂੰ ਲੈ ਕੇ ਆਓ ਉਸਦਾ ਸੰਕਟ ਖ਼ਤਮ ਕਰਨਾ ਹੈ। ਉਸ ਦੱਸਿਆ ਕਿ ਜਦੋਂ ਉਹ 2 ਦਸੰਬਰ ਨੂੰ ਇਲਾਜ ਲਈ ਲੜਕੀ ਨੂੰ ਬਾਬੇ ਕੋਲ ਲੈ ਕੇ ਆਈ ਤਾਂ ਉਸ ਨੇ ਲੜਕੀ ਨੂੰ ਕਮਰੇ ਅੰਦਰ ਲਿਜਾ ਕੇ ਜਬਰੀ ਗਲਤ ਕੰਮ ਕੀਤਾ। ਉਸ ਨੇ ਲੜਕੀ ਨੂੰ ਇਸ ਬਾਰੇ ਕਿਸੇ ਨੂੰ ਨਾ ਦੱਸਣ ਸਬੰਧੀ ਵੀ ਧਮਕੀਆਂ ਦਿੱਤੀਆਂ।