ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਅਪਰੈਲ
ਇਮਾਨਦਾਰ ਅਧਿਆਪਕ, ਨਿਧੜਕ ਲੀਡਰ ਤੇ ਬਾਕਮਾਲ ਮਨੁੱਖ ਪ੍ਰਿੰਸੀਪਲ ਤਰਸੇਮ ਬਾਹੀਆ ਭਾਵੇਂ ਇਸ ਸੰਸਾਰ ਤੋਂ ਵਿਦਾ ਲੈ ਗਏ ਪਰ ਡੀਐੱਮਸੀ ਹਸਪਤਾਲ ’ਚ ਮੌਤ ਦੇ ਬੈਡ ’ਤੇ ਲੇਟੇ ਹੋਏ ਵੀ ਪ੍ਰਿੰਸੀਪਲ ਬਾਹੀਆ ਲਿਖਦੇ ਰਹੇ। ਉਨ੍ਹਾਂ ਦੀਆਂ ਲਿਖੀਆਂ ਆਖਰੀ ਲਾਈਨਾਂ ਪੜ੍ਹ ਕੇ ਹਰ ਕੇ ਦੀਆਂ ਅੱਖਾਂ ਵਿੱਚੋਂ ਹੁੰਝੂ ਆ ਰਹੇ ਹਨ। ਕੋਈ ਕਹਿ ਰਿਹਾ ਹੈ ਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਹੁਣ ਮੌਤ ਸਾਹਮਣੇ ਖੜ੍ਹੀ ਹੈ, ਕੋਈ ਕਹਿ ਰਿਹਾ ਹੈ ਕਿ ਪ੍ਰਿੰਸੀਪਲ ਬਾਹੀਆ ਨੂੰ ਮੌਤ ਦੀ ਤਾਰੀਕ ਤੱਕ ਪਤਾ ਲੱਗ ਗਈ ਸੀ ਤੇ ਤਾਂ ਇਹ ਆਪਣੀਆਂ ਆਖਰੀ ਲਿੱਖਤਾਂ ’ਤੇ ਉਨ੍ਹਾਂ ਨੇ 1 ਅਪਰੈਲ 2021 ਦੀ ਤਾਰੀਕ ਪਾਈ ਹੈ।
ਪੀਏਯੂ ਦੇ ਵਿਗਿਆਨੀ ਡਾ. ਜਗਦੀਸ਼ ਕੌਰ ਨੇ ਉਨ੍ਹਾਂ ਦੀਆਂ ਇਹ ਆਖਰੀ ਲਿਖਤਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਹਨ। ਪ੍ਰਿੰਸੀਪਲ ਬਾਹੀਆ ਨੇ ਆਖਰੀ ਲਿਖਤ ਨੂੰ ‘ਮੈਂ ਤੇ ਮੈਂ’ ਦਾ ਨਾਂ ਦਿੱਤਾ ਹੈ। ਉਹ ਲਿਖਦੇ ਹਨ ਕਿ ਫਿਲਹਾਲ ਡਰਨ ਦੀ ਲੋੜ ਨਹੀਂ ਹੈ, ਜੰਗ ਚੱਲ ਰਹੀ ਹੈ। ਉਨ੍ਹਾਂ ਲਿਖਿਆ ਕਿ ਮੇਰੀ ਮੌਤ ਤੋ ਬਾਅਦ ‘ਰਾਮ ਨਾਮ ਸੱਤ ਹੈ ਵਾਲੀ ਧੁੰਨੀ ਨਾ ਚਲਾਈ ਜਾਵੇ ਕਿਉਂਕਿ ਸੱਚ ਤਾਂ ਹਮੇਸ਼ਾ ਹੀ ਸੱਚ ਹੁੰਦਾ ਹੈ। ਹਾਂ ਮੇਰੀ ਅਰਥੀ ’ਤੇ ਆਸਾ ਸਿੰਘ ਮਸਤਾਨੇ ਵਾਲੀ ਧੁੰਨੀ ਲਾਈ ਜਾਵੇ, ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ।
ਉਨ੍ਹਾਂ ਅੱਗੇ ਲਿੱਖਿਆ ਕਿ ਮੇਰੀ ਸੋਚ ਮੁਤਾਬਕ ਕਿਸੇ ਧਾਰਮਿਕ ਸੰਸਥਾ ਨੂੰ ਪੈਸੇ ਦੇਣ ਦੀ ਲੋੜ ਨਹੀਂ, ਉਥੇ ਪੈਸੇ ਦੀ ਸਹੀ ਵਰਤੋਂ ਨਹੀਂ ਹੁੰਦੇ। ਇੱਕ ਲੱਖ ਰੁਪਇਆ ਏਐੱਸ ਕਾਲਜ ਨੂੰ ਦੇ ਦਿੱਤਾ ਜਾਵੇ, ਉਸ ਵਿੱਚੋਂ ਅੱਧੇ ਪੈਸੇ ਵਾਰਿਸ਼ ਸ਼ਾਹ ਮਿਊਜ਼ਿਅਮ ਉਤੇ ਖ਼ਰਚੇ ਜਾਣ ਅੱਧੇ ਪੈਸੇ ਗਰੀਬ ਬੱਚਿਆਂ ਦੀ ਬਿਹਤਰੀ ਲਈ ਵਰਤੇ ਜਾਣ, ਇਹ ਸਭ ਕੁੱਝ ਬੂਟਾ ਸਿੰਘ ਆਈਆਰਐੱਸ ਤੇ ਉਸਦੇ ਹੋਰ ਮਿੱਤਰਾਂ ਦੀ ਮਰਜ਼ੀ ਅਨੁਸਾਰ ਕੀਤਾ ਜਾਵੇ।
ਉਨ੍ਹਾਂ ਲਿਖਿਆ ਕਿ ‘ਮੈਂ ਖੁਸ਼ ਸੀ, ਖੁਸ਼ ਹਾਂ, ਖੁਸ਼ ਰਹਾਂਗਾ, ਮੈਂ ਸ਼ਾਂਤ ਸੀ, ਸ਼ਾਂਤ ਹਾਂ, ਸ਼ਾਂਤ ਰਹਾਂਗਾ’। ਸਾਰੇ ਟੱਬਰ ਦੇ ਜੀਅ ਮਿਲ ਕੇ ਟੱਬਰ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਇੰਤਜ਼ਾਮ ਕਰਨ। ਇਹੋ ਮੇਰੀ ਇੱਛਾ ਹੈ ਇਹ ਹੀ ਮੇਰਾ ਚਿੰਤਾ ਹੈ। ਇਹੀ ਮੇਰੀ ਖੁਸ਼ੀ ਹੈ, ਅਲਵਿਦਾ।