ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਸਤੰਬਰ
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਾਰਟੀ ਦੇ ਵਾਲੰਟੀਅਰ ਤਰਸੇਮ ਭਿੰਡਰ ਨੂੰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਥਾਪਿਆ ਹੈ। ਇਸ ਤੋਂ ਪਹਿਲਾਂ ਤਰਸੇਮ ਸਿੰਘ ਭਿੰਡਰ ਨੂੰ ਪਾਰਟੀ ਨੇ ਯੂਥ ਵਿੰਗ ਦਾ ਪ੍ਰਧਾਨ ਵੀ ਲਗਾਈ ਰੱਖਿਆ ਸੀ ਤੇ ਹੁਣ ਪਾਰਟੀ ਨੇ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਲਗਾਇਆ ਹੈ। ਇਸ ਤੋਂ ਪਹਿਲਾਂ ਪਹਿਲਾਂ 24 ਸਾਲ ਤੱਕ ਸ਼੍ਰੋਮਣੀ ਅਕਾਲੀ ਦਲ ’ਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਸਨ। ਪਿਛਲੇ ਸਾਲ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਉਹ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਭ੍ਰਿਸ਼ਟਾਚਾਰ ਵਿੱਚ ਘਿਰੇ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਵਿੱਚ ਸੁਧਾਰ ਕਰਨ ਹੋਵੇਗਾ। ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਬਣਾਏ ਜਾਣ ਤੋਂ ਬਾਅਦ ਤਰਸੇਮ ਭਿੰਡਰ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੰਦੇ ਹੋਏ ਭਰੋਸਾ ਪ੍ਰਗਟਾਇਆ ਹੈ, ਉਹ ਉਸ ’ਤੇ ਹਰ ਹੀਲੇ ਖਰਾ ਉਤਰਨਗੇ। ਉਹ ਅਜਿਹਾ ਪ੍ਰਬੰਧ ਬਣਾਉਣਗੇ, ਜਿਸ ਨਾਲ ਟਰੱਸਟ ’ਚ ਲੋਕਾਂ ਦੇ ਕੰਮ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਹੋਣਗੇ ਤੇ ਹਰ ਕੰਮ ਪਾਰਦਰਸ਼ਤਾ ਨਾਲ ਹੋਵੇਗਾ। ਲੋਕਾਂ ਨੂੰ ਦਫ਼ਤਰ ਦੇ ਚੱਕਰ ਨਹੀਂ ਕੱਟਣੇ ਪੈਣਗੇ। ਸਾਲ 1997 ’ਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆਪਣੇ ਸਿਅਸੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ’ਚ ਉਨ੍ਹਾਂ ਨੇ ਕਈ ਅਹਿਮ ਅਹੁਦਿਆਂ ’ਤੇ ਕੰਮ ਕੀਤਾ। ਉਹ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਵੀ ਰਹੇ ਹਨ ਤੇ ਉਹ 2 ਵਾਰ ਕੌਂਸਲਰ ਵੀ ਬਣੇ। ਉਨ੍ਹਾਂ ਦੀ ਲੁਧਿਆਣਾ ਪੂਰਬੀ ਹਲਕੇ ’ਚ ਚੰਗੀ ਪਕੜ ਹੈ। ਉਹ ਵਿਧਾਨ ਸਭਾ ਚੋਣਾਂ ’ਚ ਟਿਕਟ ਦੇ ਦਾਅਵੇਦਾਰ ਵੀ ਸਨ।
ਪਿਛਲੇ ਸਮੇਂ ਦੌਰਾਨ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਸਾਬਕਾ ਮੰਤਰੀ ਆਸ਼ੂ ਨੇ ਆਪਣੇ ਖਾਸਮ ਖਾਸ ਨੂੰ ਲਗਾਇਆ ਸੀ। ਜਿਸ ਤੋਂ ਬਾਅਦ ਹਲਕਾ ਪੱਛਮੀ ਦੀ ਟਰੱਸਟ ਵਿੱਚ ਮਜ਼ਬੂਤੀ ਸੀ। ਪਰ ਇਸ ਵਾਰ ਚੇਅਰਮੈਨ ਬਣੇ ਭਿੰਡਰ ਹਲਕਾ ਪੂਰਬੀ ਤੋਂ ਹਨ ਤੇ ਵਿਧਾਇਕ ਦਲਜੀਤ ਸਿੰਘ ਭੋਲਾ ਦੇ ਨੇੜਲੇ ਸਾਥੀ ਹਨ। ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵੱਲੋਂ ਨਗਰ ਸੁਧਾਰ ਟਰੱਸਟ ਦੇ ਨਵਨਿਯੁਕਤ ਚੇਅਰਮੈਨ ਤਰੇਸਮ ਸਿੰਘ ਭਿੰਡਰ ਨੂੰ ਮੁਬਾਰਕਬਾਦ ਦੇਣ ਲਈ ਉਨ੍ਹਾਂ ਦੇ ਦਫ਼ਤਰ ਪਹੁੰਚੇ। ਵਿਧਾਇਕ ਭੋਲਾ ਵੱਲੋਂ ਵਧਾਈ ਦਿੰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।
ਚੇਅਰਮੈਨ ਲਈ ਚੁਣੌਤੀਆਂ ਹੀ ਚੁਣੌਤੀਆਂ
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਾ ਅਹੁਦਾ ਕਾਫ਼ੀ ਮਹੱਤਵਪੂਰਨ ਹੈ। ਟਰੱਸਟ ਪਿਛਲੇਂ ਸਮੇਂ ’ਚ ਕਈ ਵਾਰ ਵਿਵਾਦਾਂ ’ਚ ਰਿਹਾ ਹੈ। ਅਜਿਹੇ ’ਚ ਟਰੱਸਟ ਦੇ ਕੰਮਕਾਜ ’ਤੇ ਕਈ ਵਾਰ ਉਂਗਲਾਂ ਉੱਠੀਆਂ ਹਨ। ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ’ਚ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨਿਅਨ ’ਤੇ ਵਿਜੀਲੈਂਸ ਨੇ ਪਲਾਟਾਂ ਦੀ ਅਲਾਟਮੈਂਟ ਸਮੇਂ ਘੁਟਾਲਾ ਕਰਨ ਤੇ ਰਿਸ਼ਵਤ ਲੈਣ ਦਾ ਕੇਸ ਦਰਜ ਕਰ ਰੱਖਿਆ ਹੈ। ਰਮਨ ਹੁਣ ਤੱਕ ਵਿਜੀਲੈਂਸ ਦੇ ਹੱਥ ਨਹੀਂ ਲੱਗੇ। ਟਰੱਸਟ ਦੀ ਸਾਬਕਾ ਈਓ ਕੁਲਜੀਤ ਕੌਰ ਵੀ ਇਸ ਘੁਟਾਲੇ ’ਚ ਜੇਲ੍ਹ ਵਿੱਚ ਹੈ। ਜਿਸ ਤੋਂ ਸਾਫ਼ ਹੈ ਕਿ ਤਰਸੇਮ ਭਿੰਡਰ ਲਈ ਇਹ ਜ਼ਿੰਮੇਵਾਰੀ ਚੁਣੌਤੀ ਤੋਂ ਘੱਟ ਨਹੀਂ ਹੋਵੇਗੀ।