ਡੀਪੀਐੱਸ ਬੱਤਰਾ
ਸਮਰਾਲਾ, 3 ਜੂਨ
ਮੁੱਖ ਅੰਸ਼
- ਸੇਵਾ ਕੇਂਦਰਾਂ ਦੇ ਬਾਹਰ ਲੱਗੀ ਭੀੜ; ਐੱਸਡੀਐੱਮ ਨੇ ਕੀਤਾ ਦੌਰਾ
ਕਰੋਨਾ ਮਹਾਂਮਾਰੀ ਕਾਰਨ ਢਾਈ ਮਹੀਨੇ ਬਾਅਦ ਖੁੱਲ੍ਹੇ ਸਰਕਾਰੀ ਸੇਵਾ ਕੇਂਦਰਾਂ ’ਚ ਅਚਾਨਕ ਲੋਕਾਂ ਦੀ ਭੀੜ ਵਧ ਜਾਣ ’ਤੇ ਕੰਮ ਕਰਵਾਉਣ ਦੀ ਕਾਹਲ ਵਿੱਚ ‘ਸਮਾਜਿਕ ਦੂਰੀ’ ਨੂੰ ਭੁੱਲ ਚੁੱਕੇ ਲੋਕਾਂ ਨੂੰ ਅੱਜ ਸਥਾਨਕ ਪ੍ਰਸ਼ਾਸਨ ਨੇ ਕਾਨੂੰਨ ਦਾ ਪਾਠ ਪੜ੍ਹਾਉਂਦੇ ਹੋਏ ਪੁਲੀਸ ਦੀ ਮੱਦਦ ਨਾਲ ਗੋਲ ਘੇਰੇ ਬਣਵਾ ਕੇ ਉਨ੍ਹਾਂ ਨੂੰ ਇਕ-ਦੂਜੇ ਤੋਂ ਲੋੜੀਂਦੀ ਦੂਰੀ ਬਣਾ ਕੇ ਖੜ੍ਹਨ ਦੀ ਹਦਾਇਤ ਕੀਤੀ। ਕਈ ਲੋਕ ਅਜਿਹੇ ਵੀ ਸਨ, ਜਿਨ੍ਹਾਂ ਸੇਵਾਂ ਕੇਂਦਰ ’ਚ ਆਉਣ ਵੇਲੇ ਮਾਸਕ ਲਗਾਉਣ ਦੀ ਹਦਾਇਤ ਦੀ ਉਲਘੰਣਾ ਕੀਤੀ ਅਤੇ ਅਜਿਹੇ ਸਾਰੇ ਵਿਅਕਤੀਆਂ ਦੇ ਤਹਿਸੀਲਦਾਰ ਵੱਲੋਂ ਚਾਲਾਨ ਕੱਟੇ ਗਏ। ਸਥਾਨਕ ਐੱਸਡੀਐੱਮ ਗੀਤਿਕਾ ਸਿੰਘ ਨੇ ਅੱਜ ਸੇਵਾ ਕੇਂਦਰਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਵੇਖਿਆ ਗਿਆ ਕਿ ਸੇਵਾ ਕੇਂਦਰਾਂ ’ਤੇ ਕੰਮ ਕਰਵਾਉਣ ਲਈ ਆਏ ਲੋਕਾਂ ਵੱਲੋਂ ਸਮਾਜਿਕ ਦੂਰੀ ਦਾ ਖਿਆਲ ਨਹੀਂ ਸੀ ਰੱਖਿਆ ਜਾ ਰਿਹਾ ਅਤੇ ਬਹੁਤ ਸਾਰੇ ਵਿਅਕਤੀ ਬਿਨਾਂ ਮਾਸਕ ਪਾਏ ਉਥੇ ਖੜ੍ਹੇ ਸਨ। ਇਸ ’ਤੇ ਤੁਰੰਤ ਤਹਿਸੀਲਦਾਰ ਨੂੰ ਮੌਕੇ ’ਤੇ ਬੁਲਾ ਕੇ ਬਿਨਾਂ ਮਾਸਕ ਪਹਿਣੇ ਵਿਅਕਤੀਆਂ ਦੇ ਚਾਲਾਨ ਕੱਟੇ ਗਏ। ਪੁਲੀਸ ਦੀ ਮੱਦਦ ਨਾਲ ਭੀੜ ਕਰਕੇ ਖੜ੍ਹੇ ਲੋਕਾਂ ਵਿਚਾਲੇ ਸਮਾਜਿਕ ਦੂਰੀ ਬਣਾਉਣ ਲਈ ਸੇਵਾ ਕੇਂਦਰ ਦੇ ਬਾਹਰ 1-1 ਮੀਟਰ ’ਤੇ ਗੋਲ ਘੇਰੇ ਬਣਵਾ ਕੇ ਲੋਕਾਂ ਨੂੰ ਉਨ੍ਹਾਂ ਵਿੱਚ ਖੜ੍ਹਾਇਆ ਗਿਆ। ਉਨ੍ਹਾਂ ਦੱਸਿਆ ਕਿ ਸਾਰੇ ਸਰਕਾਰੀ ਦਫ਼ਤਰਾਂ ਦੀ ਰੋਜ਼ਾਨਾ ਜਾਂਚ ਕੀਤੀ ਜਾਵੇਗੀ ਅਤੇ ਊਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।