ਗੁਰਿੰਦਰ ਸਿੰਘ
ਲੁਧਿਆਣਾ, 12 ਮਈ
ਲਾਡੋਵਾਲ ਦੀ ਪੁਲੀਸ ਵੱਲੋਂ ਤਿੰਨ ਨਾਮਲੂਮ ਨੌਜਵਾਨਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਇਕ ਟੈਕਸੀ ਚਾਲਕ ਨੂੰ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਅਗਵਾ ਕਰ ਕੇ ਨਕਦੀ, ਮੋਬਾਈਲ ਫੋਨ ਅਤੇ ਹੋਰ ਸਾਮਾਨ ਲੁੱਟਿਆ ਗਿਆ ਹੈ।
ਗੁਰਦੁਆਰਾ ਸਾਹਿਬ ਬਲੌਂਗੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇੜੇ ਰਹਿੰਦੇ ਸਤਨਾਮ ਸਿੰਘ ਨੇ ਦੱਸਿਆ ਕਿ ਇਕ ਨੌਜਵਾਨ ਨੇ ਬਲੌਂਗੀ ਤੋਂ ਸ਼ਿਵਪੁਰੀ ਲੁਧਿਆਣਾ ਆਉਣ ਲਈ ਉਸ ਦੀ ਟੈਕਸੀ ਐਚਆਰ 55 ਏਏ 9983 ਕਿਰਾਏ ’ਤੇ ਲਈ ਸੀ। ਉਹ ਸ਼ਿਵਪੁਰੀ ਨੇੜੇ ਪੁੱਜੇ ਤਾਂ ਉੱਥੋਂ ਦੋ ਹੋਰ ਨੌਜਵਾਨ ਟੈਕਸੀ ਵਿੱਚ ਚੜ੍ਹ ਗਏ ਅਤੇ ਉਹ ਉਸ ਨੂੰ ਇਕ ਸੁੰਨਸਾਨ ਕਾਲੋਨੀ ਵਿੱਚ ਲੈ ਗਏ ਜਿੱਥੇ ਪਿੱਛੇ ਬੈਠੇ ਵਿਅਕਤੀ ਨੇ ਉਸਦੇ ਗਲ ਵਿੱਚ ਰੱਸੀ ਪਾ ਕੇ ਅਤੇ ਸਿਰ ਉੱਪਰ ਦਾਤਰ ਦਾ ਵਾਰ ਕਰਕੇ ਉਸ ਨੂੰ ਪਿੱਛੇ ਬਿਠਾ ਲਿਆ ਜਦਕਿ ਉਨ੍ਹਾਂ ਦਾ ਸਾਥੀ ਆਪ ਗੱਡੀ ਚਲਾਉਣ ਲੱਗ ਪਿਆ।
ਉਨ੍ਹਾਂ ਉਸ ਦੀ ਜੇਬ ਵਿੱਚੋਂ 3-4 ਹਜ਼ਾਰ ਰੁਪਏ ਦੀ ਨਕਦੀ, ਤਿੰਨ ਏਟੀਐੱਮ ਕਾਰਡ, ਦੋ ਕਰੈਡਿਟ ਕਾਰਡ ਅਤੇ ਉਸ ਦਾ ਮੋਬਾਈਲ ਫੋਨ ਖੋਹ ਲਿਆ। ਰਸਤੇ ਵਿੱਚ ਸਟੇਟ ਬੈਂਕ ਆਫ ਇੰਡੀਆ ਦੇ ਏਟੀਐੱਮ ਤੇ ਉਨ੍ਹਾਂ ਉਸਦੇ ਏਟੀਐੱਮ ਕਾਰਡ ਰਾਹੀਂ ਉਸਦੇ ਖਾਤੇ ਵਿੱਚੋਂ 11 ਹਜ਼ਾਰ ਰੁਪਏ ਦੀ ਨਕਦੀ ਕਢਵਾ ਲਈ ਅਤੇ ਗੱਡੀ ਲਾਡੋਵਾਲ ਟੌਲ ਪਲਾਜ਼ਾ ਵੱਲ ਲੈ ਗਏ। ਉਨ੍ਹਾਂ ਉੱਥੋਂ ਨਵੇਂ ਬਾਈਪਾਸ ’ਤੇ ਗੱਡੀ ਪਾ ਲਈ। ਇਸ ਦੌਰਾਨ ਗੱਡੀ ਇਕ ਟੋਏ ਵਿੱਚ ਫਸ ਗਈ ਅਤੇ ਉਹ ਹੋਰ ਗੱਡੀਆਂ ਦੀ ਆਵਾਜਾਈ ਵੇਖ ਕੇ ਉਸ ਨੂੰ ਗੱਡੀ ਸਮੇਤ ਛੱਡ ਕੇ ਫ਼ਰਾਰ ਹੋ ਗਏ।
ਜਾਂਚ ਅਧਿਕਾਰੀ ਸੰਦੀਪ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।