ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਸਤੰਬਰ
ਜ਼ਿਲ੍ਹਾ ਲੁਧਿਆਣਾ ਦੇ ਟੈਕਸੀ ਚਾਲਕਾਂ ਨੇ ਅੱਜ ਆਪਣੀਆਂ ਮੰਗਾਂ ਮਨਵਾਉਣ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੇ ਘਰ ਦਾ ਘਿਰਾਓ ਕੀਤਾ। ਵਿਧਾਇਕ ਦੇ ਘਰ ਅੱਗੇ ਵੱਡੀ ਗਿਣਤੀ ’ਚ ਪੁੱਜੇ ਟੈਕਸੀ ਚਾਲਕਾਂ ਨੇ ‘ਆਪ’ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਘਰ ਦੇ ਬਾਹਰ ਰੌਲਾ ਸੁਣ ਕੇ ਵਿਧਾਇਕ ਗੁਰਪ੍ਰੀਤ ਗੋਗੀ ਬਾਹਰ ਆ ਗਏ ਤੇ ਟੈਕਸੀ ਚਾਲਕਾਂ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਟੈਕਸੀ ਚਾਲਕਾਂ ਦੇ ਪ੍ਰਧਾਨ ਸ਼ਰਨਜੀਤ ਕਲਸੀ ਨੇ ਵਿਧਾਇਕ ਨੂੰ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਹਨ।
ਉਨ੍ਹਾਂ ਆਪਣੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਟੈਕਸੀਆਂ ਐਗਰੀਕੇਟਰ ਪਾਲਿਸੀ ਦੇ ਅਧੀਨ ਹਨ ਤੇ ਇਸੇ ਦੀ ਤਰਜ਼ ‘ਓਲਾ’ ਤੇ ਉਬੇਰ ਆਦਿ ਟੈਕਸੀਆਂ ਨੂੰ ਇਸੇ ਪਾਲਸੀ ਵਿੱਚ ਲਿਆਂਦਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਉਹ ਮੋਟਰ ਵਹੀਕਲ ਐਕਟ, ਜਿਸ ਵਿੱਚ ਕਾਂਗਰਸ ਸਰਕਾਰ ਨੇ ਸੋਧ ਕੀਤੀ ਹੈ, ਨੂੰ ਰੱਦ ਕੀਤਾ ਜਾਵੇ। ਕਰੋਨਾ ਕਾਲ ’ਚ ਟੈਕਸੀਆਂ ਨੂੰ ਲਾਇਆ ਗਿਆ ਟੈਕਸ ਮੁਆਫ਼ ਕੀਤਾ ਜਾਵੇ।
ਉੱਧਰ, ਵਿਧਾਇਕ ਗੁਰਪ੍ਰੀਤ ਗੋਗੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦਾ ਘਿਰਾਓ ਕਰਨ ਆਏ ਟੈਕਸੀ ਚਾਲਕਾਂ ਨੂੰ ਉਹ ਮਿਲੇ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਕਿਹਾ ਕਿ ਧਰਨਾਕਾਰੀ ਮੁਰਦਾਬਾਦ ਕਰਦੇ ਆਏ ਸਨ ਤੇ ਜ਼ਿੰਦਾਬਾਦ ਕਰਦੇ ਵਾਪਸ ਚਲੇ ਗਏ। ਟੈਕਸੀ ਚਾਲਕਾਂ ਨੂੰ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਮੁਲਾਕਾਤ ਦਾ ਸਮਾਂ ਦੇ ਦਿੱਤਾ ਹੈ ਤੇ ਮੰਗਲਵਾਰ ਨੂੰ ਮੰਤਰੀ ਭੁੱਲਰ ਨਾਲ ਉਨ੍ਹਾਂ ਦੀ ਮੁਲਾਕਾਤ ਹੋਵੇਗੀ।
ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਪੀਏ ਨਾਲ ਵੀ ਗੱਲ ਹੋ ਗਈ ਹੈ ਤੇ ਛੇਤੀ ਹੀ ਭਗਵੰਤ ਮਾਨ ਨਾਲ ਵੀ ਇਨ੍ਹਾਂ ਦੀ ਮੁਲਾਕਾਤ ਕਰਵਾ ਦਿੱਤੀ ਜਾਵੇਗੀ। ਗੋਗੀ ਨੇ ਕਿਹਾ ਕਿ ਟੈਕਸੀ ਚਾਲਕਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਦੌਰਾਨ ਟੈਕਸੀ ਚਾਲਕਾਂ ਨੇ ਆਪਣੀਆਂ ਮੰਗਾਂ ਸਬੰਧੀ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੂੰ ਮੰਗ ਪੱਤਰ ਸੌਂਪਿਆ।