ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਮਈ
ਕਰੋਨਾ ਮਹਾਮਾਰੀ ਕਰਕੇ ਟੈਕਸੀਆਂ ਦਾ ਕੰਮ ਬੰਦ ਹੋਣ ਤੋਂ ਪ੍ਰੇਸ਼ਾਨ ਟੈਕਸੀ ਚਾਲਕਾਂ ਨੇ ਅੱਜ ਸਰਕਾਰੀ ਦੇ ਵਿਰੁੱਧ ਪ੍ਰਦਰਸ਼ਨ ਕੀਤਾ। ਮੁਜ਼ਾਹਰੇ ਦੌਰਾਨ ਟੈਕਸੀ ਚਾਲਕਾਂ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਤੇ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ 50 ਫੀਸਦ ਸਵਾਰੀਆਂ ਲੈ ਕੇ ਚੱਲ ਸਕਦੀਆਂ ਹਨ ਤਾਂ ਉਨ੍ਹਾਂ ਦੀਆਂ ਟੈਕਸੀਆਂ ਕਿਉਂ ਨਹੀਂ। ਟੈਕਸੀ ਚਾਲਕਾਂ ਨੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਤੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਹਲਾਤਾਂ ਨੂੰ ਦੇਖਦੇ ਹੋਏ ਕੋਈ ਪੈਕੇਜ ਐਲਾਨੇ ਜਾਂ ਫਿਰ ਉਨ੍ਹਾਂ ਨੂੰ ਕੰਮ ਕਰਨ ਦੀ ਮੰਨਜ਼ੂਰੀ ਦਿੱਤੀ ਜਾਵੇ। ਲੁਧਿਆਣਾ ਦੇ ਬੱਸ ਸਟੈਂਡ ਨੇੜੇ ਪ੍ਰਦਰਸ਼ਨ ਕਰਦੇ ਹੋਏ ਟੈਕਸੀ ਚਾਲਕ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਪਿਛਲੇ 2 ਮਹੀਨੇ ਤੋਂ ਘਰਾਂ ਵਿੱਚ ਵੇਹਲੇ ਬੈਠੇ ਹਨ, ਹੁਣ ਕਾਰ ਦੀਆਂ ਕਿਸ਼ਤਾਂ ਦੇਣੀਆਂ ਵੀ ਮੁਸ਼ਕਲ ਹੋ ਰਹੀਆਂ ਹਨ, ਉਪਰੋਂ ਬਿਜਲੀ ਦੇ ਬਿੱਲ, ਰਾਸਨ ਤੇ ਬੱਚਿਆਂ ਦੀਆਂ ਸਕੂਲ ਫੀਸਾਂ, ਉਨ੍ਹਾਂ ਦੇ ਘਰ ਦਾ ਖ਼ਰਚਾ ਨਹੀਂ ਚੱਲ ਰਿਹਾ। ਉਨ੍ਹਾਂ ਪਿਛਲੇ ਸਾਲ ਵੀ ਉਹ ਕਈ ਮਹੀਨੇ ਵੇਹਲੇ ਬੈਠੇ ਸਨ। ਹੁਣ ਅਗਰ ਉਹ ਤਿੰਨ ਸਵਾਰੀਆਂ ਬਿਠਾ ਕੇ ਕਿਸੇ ਪਾਸੇ ਜਾਂਦੇ ਹਨ ਤਾਂ ਰਸਤੇ ਵਿੱਚ ਕਈ ਥਾਵਾਂ ’ਤੇ ਪੁੱਛ ਗਿੱਛ ਕੀਤੀ ਜਾਂਦੀ ਹੈ, ਕਰੋਨਾ ਨੈਗਟਿਵ ਦੀ ਰਿਪੋਰਟ ਮੰਗੀ ਜਾਂਦੀ ਹੈ, ਉਨ੍ਹਾਂ ਕਿਹਾ ਕਿ ਉਹ ਹਰ 72 ਘੰਟੇ ਬਾਅਦ ਕਰੋਨਾ ਟੈਸਟ ਕਿਵੇਂ ਕਰਵਾਉਂਦੇ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਬੱਸਾਂ ਵਿੱਚ 30-30 ਸਵਾਰੀਆਂ ਭਰ ਕੇ ਲਿਜਾਈਆਂ ਜਾ ਰਹੀਆਂ ਹਨ, ਪਰ ਉਨ੍ਹਾਂ ਨੂੰ ਕੋਈ ਨਹੀਂ ਰੋਕਦਾ। ਵਿਨੋਦ ਕੁਮਾਰ ਟੈਕਸੀ ਚਾਲਕ ਨੇ ਦੱਸਿਆ ਕਿ ਟੈਕਸੀਆਂ ਵਿੱਚ ਡਰਾਈਵਰ ਤੋਂ ਇਲਾਵਾ ਸਿਰਫ਼ 2 ਲੋਕਾਂ ਨੂੰ ਬਿਠਾਉਣ ਦੀ ਮੰਨਜ਼ੂਰੀ ਹੈ, ਪਰ ਅਗਰ ਕਿਸੇ ਨੇ ਬਾਹਰ ਜਾਣਾ ਹੁੰਦਾ ਹੈ ਤਾਂ ਉਹ ਪਰਿਵਾਰ ਦੇ ਘੱਟੋ-ਘੱਟ ਚਾਰ ਲੋਕ ਹੁੰਦੇ ਹਨ, ਉਹ ਉਨ੍ਹਾਂ ਨੂੰ ਲੈ ਕੇ ਨਹੀਂ ਜਾ ਸਕਦੇ। ਰਸਤੇ ਵਿੱਚ ਕਈ ਥਾਵਾਂ ’ਤੇ ਪੁਲੀਸ ਵਾਲੇ ਉਨ੍ਹਾਂ ਨੂੰ ਘੇਰ ਲੈਂਦੇ ਹਨ, ਕਈ ਟੈਕਸੀ ਚਾਲਕ ਚਲਾਨ ਵੀ ਕਰਵਾ ਚੁੱਕੇ ਹਨ।