ਸਤਵਿੰਦਰ ਬਸਰਾ
ਲੁਧਿਆਣਾ, 18 ਫਰਵਰੀ
ਸਰਕਾਰੀ ਸਕੂਲਾਂ ਵਿੱਚ ਦਿਨੋਂ ਦਿਨ ਕਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਬੀਤੇ ਦਿਨ ਜ਼ਿਲ੍ਹਾ ਸਿੱਖਿਆ ਅਧਿਕਾਰੀ (ਪ੍ਰਾਇਮਰੀ) ਨੇ ਇੱਕ ਪੱਤਰ ਜਾਰੀ ਕੀਤਾ ਜਿਸ ਅਨੁਸਾਰ ਸਕੂਲ ਵਿੱਚ ਕਿਸੇ ਅਧਿਆਪਕ ਜਾਂ ਵਿਦਿਆਰਥੀ ਨੂੰ ਕਰੋਨਾ ਹੋਣ ਦੀ ਸੂਰਤ ’ਚ ਪੂਰੀ ਜ਼ਿੰਮੇਵਾਰੀ ਬੀਪੀਈਓ ਅਤੇ ਸਕੂਲ ਮੁਖੀ ਦੀ ਹੋਵੇਗੀ। ਇਸ ਪੱਤਰ ਨੂੰ ਕਈ ਅਧਿਆਪਕ ਜੱਥੇਬੰਦੀਆਂ ਦੇ ਆਗੂਆਂ ਨੇ ਤਾਨਾਸ਼ਾਹੀ ਫੁਰਮਾਨ ਕਰਾਰ ਦਿੰਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਪੱਤਰ ਸਬੰਧੀ ਇੱਕ ਅਧਿਆਪਕ ਦੀ ਡੀਈਓ ਨਾਲ ਫੋਨ ’ਤੇ ਹੋਈ ਗੱਲਬਾਤ ਦੀ ਆਡੀਓ ਵੀ ਵਾਇਰਲ ਹੋ ਗਈ ਹੈ। ਦੂਜੇ ਪਾਸੇ ਡੀਈਓ ਰਾਜਿੰਦਰ ਕੌਰ ਨੇ ਕਿਹਾ ਕਿ ਪੱਤਰ ਲਿਖਣ ਦਾ ਮਕਸਦ ਕੋਈ ਸਜ਼ਾ ਦੇਣਾ ਨਹੀਂ ਸਗੋਂ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਵਾਉਣਾ ਹੈ।
ਡੀਈਓ (ਐਲੀਮੈਂਟਰੀ) ਰਾਜਿੰਦਰ ਕੌਰ ਵੱਲੋਂ ਬੀਤੇ ਦਿਨ ਸਮੂਹ ਬੀਪੀਈਓ, ਸਕੂਲ ਮੁਖੀਆਂ ਨੂੰ ਇੱਕ ਪੱਤਰ ਜਾਰੀ ਕਰ ਕੇ ਜ਼ਿਲ੍ਹੇ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਕੋਵਿਡ-19 ਦੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਆਖਿਆ ਗਿਆ ਹੈ। ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ। ਇਸ ਪੱਤਰ ’ਚ ਇਹ ਵੀ ਸਾਫ ਲਿਖਿਆ ਹੈ ਕਿ ਜੇਕਰ ਅਣਗਹਿਲੀ ਕਾਰਨ ਕੋਈ ਅਧਿਆਪਕ ਜਾਂ ਵਿਦਿਆਰਥੀ ਕੋਵਿਡ ਪਾਜ਼ੇਟਿਵ ਪਾਇਆ ਗਿਆ ਤਾਂ ਇਸ ਦੀ ਸਿੱਧੀ ਜ਼ਿੰਮੇਵੀਰੀ ਬੀਪੀਈਓ ਅਤੇ ਸਕੂਲ ਮੁਖੀ ਦੀ ਹੋਵੇਗੀ। ਇਸ ਪੱਤਰ ਨੂੰ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਆਗੂ ਰਮਨਜੀਤ ਸਿੰਘ ਸੰਧੂ ਨੇ ਤਾਨਾਸ਼ਾਹ ਫੁਰਮਾਨ ਦੱਸਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਮੁੱਲਾਂਪੁਰ ਨੇ ਕਿਹਾ ਕਿ ਜ਼ਿਲ੍ਹਾ ਅਧਿਕਾਰੀ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ। ਉਨਾਂ ਕਿਹਾ ਕਿ ਇੱਕ ਪਾਸੇ ਅਧਿਆਪਕਾਂ ’ਤੇ ਸਕੂਲਾਂ ’ਚ ਨਤੀਜਾ ਅਤੇ ਹਾਜ਼ਰੀ ਸ਼ਤ-ਪ੍ਰਤੀਸ਼ਤ ਲਿਆਉਣ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਹੁਣ ਉਕਤ ਫੁਰਮਾਨ ਚਾੜ੍ਹ ਦਿੱਤੇ ਗਏ ਹਨ। ਉਨਾਂ ਕਿਹਾ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੱਧ ਹੋਣ ਅਤੇ ਬੈਠਣ ਦੀ ਸਮਰੱਥਾ ਘੱਟ ਹੋਣ ਕਰਕੇ ਕੋਵਿਡ-19 ਦੀਆਂ ਪੂਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਸੰਭਵ ਨਹੀਂ ਹੈ। ਗੌਰਮਿੰਟ ਸਕੂਲ ਟੀਚਰ ਯੂਨੀਅਨ ਦੇ ਪ੍ਰਵੀਨ ਕੁਮਾਰ ਨੇ ਕਿਹਾ ਕਿ ਇਹ ਵਾਇਰਸ ਵਿਦਿਆਰਥੀ ਜਾਂ ਅਧਿਆਪਕ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ। ਇਸ ਪੱਤਰ ਸਬੰਧੀ ਸਰਕਾਰੀ ਸਕੂਲ ਕੋਟ ਮੰਗਲ ਸਿੰਘ ਦੇ ਅਧਿਆਪਕ ਸੁਖਦਰਸ਼ਨ ਸਿੰਘ ਦੀ ਡੀਈਓ ਨਾਲ ਫੋਨ ’ਤੇ ਹੋਈ ਗੱਲਬਾਤ ਦੀ ਆਡੀਓ ਵੀ ਵਾਇਰਲ ਹੋ ਗਈ ਹੈ। ਇਸ ਆਡੀਓ ਵਿੱਚ ਸਬੰਧਤ ਅਧਿਆਪਕ ਇਹ ਕਹਿੰਦਾ ਸੁਣਿਆ ਜਾ ਸਕਦਾ ਹੈ ਕਿ ਉਸ ਦੇ ਸਕੂਲ ਵਿੱਚ ਇੱਕ ਅਧਿਆਪਕ ਕਰੋਨਾ ਪਾਜ਼ਟਿਵ ਆਇਆ ਅਤੇ ਕਈ ਅਧਿਆਪਕਾਂ ’ਚ ਬੁਖਾਰ ਆਦਿ ਲੱਛਣ ਦੇਖੇ ਗਏ ਹਨ। ਪਹਿਲਾਂ ਤਾਂ ਸਬੰਧਤ ਅਧਿਕਾਰੀ ਗੱਲ ਨਾ ਸਮਝ ਆਉਣ ਦਾ ਬਹਾਨਾ ਕਰਦੀ ਸੁਣੀ ਜਾ ਸਕਦੀ ਹੈ ਅਤੇ ਬਾਅਦ ਵਿੱਚ ਸਾਰਿਆਂ ਨੂੰ ਟੀਮ ਸਾਹਮਣੇ ਪੇਸ਼ ਹੋ ਕੇ ਕਰੋਨਾ ਟੈਸਟ ਕਰਵਾਉਣ ਲਈ ਆਖਦੀ ਹੈ।
ਕੀ ਕਹਿੰਦੇ ਨੇ ਅਧਿਕਾਰੀ
ਡੀਈਓ (ਪ੍ਰਾਇਮਰੀ) ਰਾਜਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਵਾਉਣ ਲਈ ਚਿੱਠੀ ਜਾਰੀ ਕੀਤੀ ਹੈ। ਅਧਿਆਪਕ ਨਾਲ ਗੱਲਬਾਤ ਦੀ ਵਾਇਰਲ ਆਡੀਓ ਸਬੱਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਧਿਆਪਕ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਬਿਨਾਂ ਸਕੂਲ ਦੀ ਕੋਈ ਅਹਿਮੀਅਤ ਨਹੀਂ ਹੁੰਦੀ।