ਨਿੱਜੀ ਪੱਤਰ ਪ੍ਰੇਰਕ
ਖੰਨਾ, 13 ਅਕਤੂਬਰ
ਇਥੋਂ ਦੇ ਸਿਵਲ ਹਸਪਤਾਲ ਵਿਚ ਪਿਛਲੇ ਦਿਨੀਂ ਇਕ ਗਰਭਵਤੀ ਔਰਤ ਨੂੰ ਦਾਖਲ ਕਰਨ ਤੋਂ ਇਨਕਾਰ ਕਰਨ ਉਪਰੰਤ ਔਰਤ ਦਾ ਸੜਕ ਕਿਨਾਰੇ ਜਣੇਪਾ ਹੋ ਗਿਆ ਸੀ। ਇਸ ਸਬੰਧੀ 12 ਅਕਤੂਬਰ ਨੂੰ ਪੰਜਾਬੀ ਟ੍ਰਿਬਿਊਨ ਵਿਚ ਖ਼ਬਰ ਵੀ ਛਪੀ ਸੀ। ਇਸ ਮਾਮਲੇ ਦੀ ਜਾਂਚ ਕਰਨ ਲਈ ਡਾਇਰੈਕਟਰ ਪਰਿਵਾਰ ਕਲਿਆਣ ਪੰਜਾਬ ਡਾ. ਓ.ਪੀ ਗੋਜਰਾ ਦੀ ਟੀਮ ਪੁੱਜੀ, ਜਿਸ ਵਿਚ ਡਾ. ਇੰਦਰਦੀਪ ਵੀ ਮੌਜੂਦ ਸਨ। ਇਸ ਮੌਕੇ ਹਸਪਤਾਲ ਵਿਚ ਦਾਖ਼ਲ ਔਰਤ ਮੀਰਾ ਤੇ ਉਸਦੇ ਪਤੀ ਕਿਸ਼ਨ ਦੇ ਬਿਆਨ ਦਰਜ ਕਰਨ ਉਪਰੰਤ ਸਟਾਫ਼ ਤੋਂ ਪੁੱਛਗਿੱਛ ਕੀਤੀ ਗਈ। ਦੱਸਣਯੋਗ ਹੈ ਕਿ ਗਰਭਵਤੀ ਔਰਤ ਹਸਪਤਾਲ ਵਿਚ ਡਿਲੀਵਰੀ ਲਈ ਆਈ ਤਾਂ ਡਾਕਟਰਾਂ ਨੇ ਵੈਕਸੀਨ ਨਾ ਲੱਗੀ ਹੋਣ ਕਾਰਨ ਉਸਦਾ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਔਰਤ ਦਾ ਪਰਿਵਾਰ ਉਸ ਨੂੰ ਬਾਹਰ ਲੈ ਕੇ ਜਾ ਰਿਹਾ ਸੀ ਕਿ ਸੜਕ ’ਤੇ ਹੀ ਜਣੇਪਾ ਹੋ ਗਿਆ। ਜਾਂਚ ਅਧਿਕਾਰੀ ਡਾ. ਗੋਜਰਾ ਨੇ ਕਿਹਾ ਕਿ ਇਸ ਘਟਨਾਕ੍ਰਮ ਲਈ ਜ਼ਿੰਮੇਵਾਰ ਕਰਮਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਐੱਸ.ਐੱਮ.ਓ ਡਾ. ਸਤਪਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਕੀਤੀ ਜਾ ਰਹੀ ਜਾਂਚ ਦੀ ਰਿਪੋਰਟ ਵੀ ਜਲਦ ਹੀ ਵਿਭਾਗ ਨੂੰ ਭੇਜੀ ਜਾਵੇਗੀ।