ਲੁਧਿਆਣਾ: ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਲੁਧਿਆਣਾ ਦੇ ਸਾਲਾਨਾ ਤਕਨੀਕੀ ਮੇਲੇ ਦੀ ਸ਼ੁਰੂਆਤ ਅੱਜ ਆਨਲਾਈਨ ਕਰਵਾਈ ਗਈ। ਫੈਸਟ ਦਾ ਨਾਮ ਆਈ-ਜੀਐੱਨਈਜ਼ੀ 2021 ਰੱਖਿਆ ਗਿਆ। ਪ੍ਰੋਗਰਾਮ ਦੇ ਫੈਕਲਟੀ ਕੋਆਰਡੀਨੇਟਰ ਡਾ. ਅਰਵਿੰਦ ਢੀਗਰਾ ਨੇ ਦੱਸਿਆ ਕਿ ਇਹ ਫੈਸਟ ਵਿਦਿਆਰਥੀਆਂ ਦੀਆਂ ਤਕਨੀਕੀ ਯੋਗਤਾਵਾਂ ਨੂੰ ਅੱਗੇ ਲੈ ਕੇ ਆਉਣ ਲਈ ਨਿਰਧਾਰਿਤ ਕੀਤਾ ਗਿਆ ਹੈ। ਮਾਸਟਰ ਸਾਫਟ ਸਲਿਊਸ਼ਨ ਦੇ ਸੀਈਓ ਅਤੇ ਕਾਲਜ ਦੇ ਸਾਬਕਾ ਵਿਦਿਆਰਥੀ ਇੰਜ. ਰਵੀ ਗਰਗ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਟੈਕਨੀਕਲ ਖੇਤਰ ਵਿਚ ਹੁਨਰ ਦਾ ਕੋਈ ਅੰਤ ਨਹੀਂ ਹੈ ਤੇ ਥੋੜੇ ਜਿਹੇ ਸਹੀ ਮਾਰਗਦਰਸ਼ਨ ਨਾਲ ਵਿਦਿਆਰਥੀ ਕਈ ਕੀਰਤੀਮਾਨ ਸਥਾਪਤ ਕਰ ਸਕਦੇ ਹਨ। ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਕਾਲਜ ਦੀ ਤਕਨੀਕੀ ਗਤੀਵਿਧੀ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਦੌਰਾਨ ਕਿਤਾਬੀ ਗਿਆਨ ਦੇ ਨਾਲ ਨਾਲ ਪ੍ਰੈਕਟੀਕਲ ਵਿੱਦਿਆ ਵੱਲ ਜ਼ਿਆਦਾ ਧਿਆਨ ਦੇਣ ਦਾ ਸੁਨੇਹਾ ਦਿੱਤਾ। ਇਸਦੇ ਨਾਲ ਨਾਲ ਡਾ. ਸਹਿਜਪਾਲ ਸਿੰਘ ਨੇ ਵਿਦਿਆਰਥੀ ਕੋਆਰਡੀਨੇਟਰਾਂ ਜਗਮੀਤ ਸਿੰਘ, ਸ਼ੁਭੇਂਦਰ ਕੁਮਾਰ, ਇਸ਼ਪ੍ਰੀਤ ਕੌਰ, ਮੋਹਿਤ ਸ਼ਰਮਾ, ਕਾਮਿਆ ਅਰੋੜਾ, ਵਿਪੁਲ ਦੀ ਪ੍ਰੋਗਰਾਮ ਦੀ ਸਫਲ ਸ਼ੁਰੂਆਤ ਕਰਵਾਉਣ ਲਈ ਸ਼ਲਾਘਾ ਕੀਤੀ। -ਖੇਤਰੀ ਪ੍ਰਤੀਨਿਧ