ਨਿੱਜੀ ਪੱਤਰ ਪ੍ਰੇਰਕ
ਖੰਨਾ, 23 ਸਤੰਬਰ
ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਮੈਬਰਾਂ ਨੇ ਅੱਜ ਇਥੇ ਕੁਲਵਿੰਦਰ ਸਿੰਘ ਦੀ ਅਗਵਾਈ ਹੇਠਾਂ ਪਾਵਰਕੌਮ ਦਫ਼ਤਰ ਸਿਟੀ-1 ਅੱਗੇ ਵਿਸ਼ਾਲ ਗੇਟ ਰੈਲੀ ਕੱਢੀ। ਇਸ ਮੌਕੇ ਕਰਤਾਰ ਚੰਦ, ਬਹਾਦਰ ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ, ਜਗਜੀਤ ਸਿੰਘ, ਹਰੀ ਸ਼ੰਕਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਏਕਾਅਧਿਕਾਰ ਪਾਵਰ ਨੂੰ ਵਰਤੋਂ ਕਰਦੇ ਹੋਏ ਰਾਜਾਂ ਦੇ ਅਧਿਕਾਰਾਂ ਨੂੰ ਖ਼ਤਮ ਕਰਕੇ ਨਿੱਜੀਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ, ਜਿਸ ਨਾਲ ਟ੍ਰਾਂਸਮਿਸ਼ਨ, ਡਿਸਟੀਬਿਊਸ਼ਨ ਕੰਮ ਪ੍ਰਾਈਵੇਟ ਕੰਪਨੀਆਂ ਨੂੰ ਲਾਇਸੈਂਸੀ ਬਣਾ ਕੇ ਕੰਮ ਦਿੱਤਾ ਹੈ। ਭਗਵੰਤ ਮਾਨ ਸਰਕਾਰ ਨੇ ਪਹਿਲੀਆਂ ਲੋਕ ਵਿਰੋਧੀ ਸਰਕਾਰਾਂ ਵਾਂਗ ਹੀ ਬਿਜਲੀ ਵਿਭਾਗ ਦਾ ਮੁਕੰਮਲ ਨਿੱਜੀਕਰਨ ਕਰਨ ਦਾ ਹਮਲਾ ਤੇਜ਼ ਕੀਤਾ ਹੋਇਆ ਹੈ। ਤਾਜ਼ਾ ਹਮਲੇ ਤਹਿਤ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ, ਪੈਨਸ਼ਨਰਾਂ, ਸਰਕਾਰੀ ਦਫ਼ਤਰਾਂ ਅਤੇ ਕੁਆਟਰਾਂ ਵਿੱਚ ਪ੍ਰੀ-ਪੇਡ, ਪੋਸਟ ਪੇਡ ਸਮਾਰਟ ਬਿਜਲੀ ਦੇ ਮੀਟਰ ਲਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨੂੰ ਲਾਗੂ ਕਰਨ ਲਈ ਭਾਵੇਂ ਬਹਾਨਾ ਹੋਰ ਲਾਇਆ ਜਾ ਰਿਹਾ ਹੈ, ਪਰ ਹਕੀਕਤ ਇਹ ਯੋਜਨਾ ਮੋਦੀ ਸਰਕਾਰ ਵੱਲੋਂ ਬਿਜਲੀ ਖੇਤਰ ਦਾ ਮੁਕੰਮਲ ਨਿੱਜੀਕਰਨ ਕਰਨ ਲਈ ਸੰਸਦ ਵਿਚ ਪੇਸ਼ ਕੀਤੇ ਬਿਜਲੀ ਬਿੱਲ-2020-22 ਦਾ ਹੀ ਹਿੱਸਾ ਹੈ। ਇਸ ਦੇ ਲਾਗੂ ਹੋਣ ਨਾਲ ਬਿਜਲੀ ਖੇਤਰ ਦੇ ਮੁਕੰਮਲ ਨਿੱਜੀਕਰਨ ਲਈ ਰਾਹ ਪੱਧਰਾ ਹੋ ਜਾਵੇਗਾ ਤੇ ਬਿਜਲੀ ਮਹਿੰਗੀ ਹੋਵੇਗੀ, ਅਸਾਮੀਆਂ ਦਾ ਖਾਤਮਾ ਹੋਵੇਗਾ। ਇਸ ਮੌਕੇ ਜਸਵੰਤ ਸਿੰਘ, ਗੁਰਸੇਵਕ ਸਿੰਘ, ਸੁੱਖਾ ਸਿੰਘ, ਜਗਦੇਵ ਸਿੰਘ ਆਦਿ ਹਾਜ਼ਰ ਸਨ।