ਗੁਰਿੰਦਰ ਸਿੰਘ
ਲੁਧਿਆਣਾ, 1 ਅਕਤੂਬਰ
ਭਾਰਤ ਸੰਚਾਰ ਨਿਗਮ ਲਿਮਟਿਡ ਦੇ ਮੁਲਾਜ਼ਮਾਂ ਵੱਲੋਂ ਅੱਜ ਆਪਣੀਆਂ ਮੰਗਾਂ ਦੇ ਹੱਕ ਵਿੱਚ ਕਾਲਾ ਦਿਵਸ ਮਨਾਇਆ ਗਿਆ। ਭਾਰਤ ਨਗਰ ਚੌਕ ਸਥਿਤ ਜਨਰਲ ਮੈਨੇਜਰ ਦੂਰਸੰਚਾਰ ਦਫਤਰ ਬਾਹਰ ਮੁਲਾਜ਼ਮਾਂ ਨੇ ਧਰਨਾ ਦੇ ਕੇ ਰੈਲੀ ਕੀਤੀ। ਜਥੇਬੰਦੀ ਦੇ ਆਗੂਆਂ ਕਾਮਰੇਡ ਬਲਵਿੰਦਰ ਸਿੰਘ, ਵਿਨੇ ਕੁਮਾਰ ਰਾਣਾ, ਸੁਰਜੀਤ ਸਿੰਘ ਨੇ ਦੋਸ਼ ਲਗਾਇਆ ਕਿ ਦੂਰਸੰਚਾਰ ਨਿਗਮ ਦੇ ਪ੍ਰਬੰਧਕਾਂ ਵੱਲੋਂ ਨਿੱਜੀ ਖੇਤਰ ਦੀਆਂ ਟੈਲੀਕਾਮ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਬੀਐੱਸਐਨਐੱਲ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਹੀਂ ਮਿਲ ਰਹੀਆਂ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਬੀਐੱਸਐੱਨਐੱਲ ਦੀ ਪੁਨਰ ਸੁਰਜੀਤੀ ਲਈ ਤੁਰੰਤ ਕਦਮ ਨਾ ਚੁੱਕੇ ਤਾਂ ਸੰਘਰਸ਼ ਕੀਤਾ ਜਾਵੇਗਾ।
ਬੀਐਸਐਨਐਲ ਦੀਆਂ ਮਾੜੀਆਂ ਸੇਵਾਵਾਂ ਕਾਰਨ ਲੋਕ ਪ੍ਰੇਸ਼ਾਨ
ਖੰਨਾ (ਜੋਗਿੰਦਰ ਸਿੰਘ ਓਬਰਾਏ): ਸਾਬਕਾ ਅਸਿਸਟੈਂਟ ਪੋਸਟਮਾਸਟਰ ਤੇ ਲਿਖ਼ਾਰੀ ਜੋਗਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਸ਼ਹਿਰ ਵਿਚ ਬੀਐੱਸਐੱਨਐੱਲ ਦੀਆਂ ਸੇਵਾਵਾਂ ਕਾਰਨ ਬਹੁਤ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਕਿਸੇ ਵੀ ਤਰ੍ਹਾਂ ਹੱਲ ਕਰਕੇ ਲੈਂਡਲਾਈਨ ਸੇਵਾਵਾਂ ਬਹਾਲ ਕੀਤੀਆਂ ਜਾਣ। ਜੇਈ ਰਾਕੇਸ਼ ਨੇ ਕਿਹਾ ਕਿ ਸ਼ਹਿਰ ਵਿਚ ਸੀਵਰੇਜ ਤੇ ਪਾਣੀ ਸਪਲਾਈ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ, ਜਿਸ ਕਾਰਨ ਹੋ ਸਕਦਾ ਹੈ ਕਿ ਕਿਤੋਂ ਕੋਈ ਲਾਈਨ ਕੱਟੀ ਗਈ ਹੋਵੇ। ਜੇ ਅਜਿਹੀ ਕੋਈ ਸਮੱਸਿਆ ਹੈ ਤਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇ, ਹੱਲ ਕੀਤਾ ਜਾਵੇਗਾ।