ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਦਸੰਬਰ
ਟੈਲੀਕੌਮ ਨਾਲ ਸਬੰਧਤ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਸਾਂਝੇ ਫੋਰਮ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਮੁਲਾਜ਼ਮਾਂ ਵੱਲੋਂ ਭਾਰਤ ਨਗਰ ਸਥਿਤ ਟੈਲੀਕੌਮ ਦਫ਼ਤਰ ਬਾਹਰ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਕੰਵਲਜੀਤ ਸਿੰਘ ਸ਼ੰਕਰ, ਹਰਿੰਦਰ ਸਿੰਘ, ਰਜਿੰਦਰਪਾਲ ਸਿੰਘ, ਗੁਰਜੀਤ ਸਿੰਘ ਸੇਖੋਂ, ਵਲੀ ਅਹਿਮਦ, ਕੁਲਵੰਤ ਸਿੰਘ ਅਤੇ ਸੰਦੀਪ ਗੁਲਾਟੀ ਆਦਿ ਭੁੱਖ ਹੜਤਾਲ ਤੇ ਬੈਠੇ। ਐਗਜ਼ੀਕਿਊਟਵ ਐਸੋਸੀਏਸ਼ਨ ਦੇ ਪ੍ਰਧਾਨ ਸਮੇਤ ਹੋਰ ਆਗੂਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਤਿੰਨ ਜਨਵਰੀ ਨੂੰ ਸਮੂਹ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਕੰਮਕਾਜ ਮੁਕੰਮਲ ਤੌਰ ਤੇ ਠੱਪ ਰੱਖਣਗੇ। ਇਸ ਦੌਰਾਨ ਟੈਲੀਕੌਮ ਦਫ਼ਤਰਾਂ ਬਾਹਰ ਧਰਨੇ ਦੇ ਕੇ ਰੈਲੀਆਂ ਵੀ ਕੀਤੀਆਂ ਜਾਣਗੀਆਂ। ਉਨ੍ਹਾਂ ਟੈਲੀਕੌਮ ਪ੍ਰਬੰਧਕਾਂ ਨੂੰ ਮੁਲਾਜ਼ਮ ਮੰਗਾਂ ਮੰਨਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਤਰੱਕੀ ਵਿੱਚ ਆਈ ਖੜੋਤ ਦੂਰ ਕਰਨ ਦੇ ਨਾਲ ਨਾਲ ਹੋਰ ਮੰਗਾਂ ਵੀ ਮੰਨੀਆਂ ਜਾਣ। ਉਨ੍ਹਾਂ ਤਾੜਨਾ ਕੀਤੀ ਕਿ ਜੇਕਰ ਪ੍ਰਬੰਧਕਾਂ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਸਾਂਝੇ ਫੋਰਮ ਵੱਲੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਏਗਾ ਜਿਸ ਤੋਂ ਨਿਕਲਣ ਵਾਲੇ ਸਾਰੇ ਸਿੱਟਿਆਂ ਲਈ ਅਧਿਕਾਰੀ ਅਤੇ ਪ੍ਰਬੰਧਕ ਜ਼ਿੰਮੇਵਾਰ ਹੋਣਗੇ।