ਪੱਤਰ ਪ੍ਰੇਰਕ
ਮਾਛੀਵਾੜਾ, 9 ਮਈ
ਇੱਥੋਂ ਨੇੜਲੇ ਪਿੰਡ ਪੰਜਗਰਾਈਆਂ ਵਿਚ ਬੀਤੀ ਰਾਤ ਚੋਰਾਂ ਨੇ ਟੈਲੀਫੋਨ ਐਕਸਚੇਂਜ ਅਤੇ ਸਰਕਾਰੀ ਸਕੂਲ ਵਿਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦੋਂ ਕਰਮਚਾਰੀਆਂ ਨੇ ਟੈਲੀਫੋਨ ਐਕਸਚੇਂਜ ਵਿਚ ਦੇਖਿਆ ਤਾਂ ਜਿੰਦਰੇ ਟੁੱਟੇ ਪਏ ਸਨ ਅਤੇ ਅੰਦਰੋਂ ਕਰੀਬ 35 ਬੈਟਰੀਆਂ ਗਾਇਬ ਸਨ। ਇਸ ਤੋਂ ਇਲਾਵਾ ਨਾਲ ਲਗਦੇ ਕਮਰੇ ਵਿਚ ਐਕਸਚੇਂਜ ਚਲਾਉਣ ਲਈ ਜੋ ਪਲੇਟਾਂ ਲੱਗੀਆਂ ਹੁੰਦੀਆਂ ਹਨ ਉਹ ਵੀ ਕਰੀਬ 40 ਤੋਂ ਵੱਧ ਗਾਇਬ ਸਨ। ਜਾਣਕਾਰੀ ਅਨੁਸਾਰ ਇਨ੍ਹਾਂ ਪਲੇਟਾਂ ਵਿਚ ਤਾਂਬੇ ਦੀ ਮਾਤਰਾ ਕਾਫ਼ੀ ਹੁੰਦੀ ਹੈ। ਇਸ ਤੋਂ ਇਲਾਵਾ ਚੋਰ ਐਕਸਚੇਂਜ ’ਚੋਂ ਇੱਕ ਇਨਵਰਟਰ ਦੀ ਬੈਟਰੀ ਵੀ ਲੈ ਗਏ। ਟੈਲੀਫੋਨ ਐਕਸਚੇਂਜ ਦੇ ਬਿਲਕੁਲ ਨਾਲ ਹੀ ਸਰਕਾਰੀ ਪ੍ਰਾਇਮਰੀ ਸਕੂਲ ਹੈ ਜਿਸ ’ਚੋਂ ਚੋਰ ਇੱਕ ਐੱਲਈਡੀ ਚੋਰੀ ਕਰ ਕੇ ਲੈ ਗਏ।
ਟੈਲੀਫੋਨ ਐਕਸਚੇਂਜ ਦੇ ਕਰਮਚਾਰੀ ਨੇ ਦੱਸਿਆ ਕਿ ਚੋਰ ਇੱਥੋਂ ਕਰੀਬ 3 ਲੱਖ ਰੁਪਏ ਤੋਂ ਵੱਧ ਦਾ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਚੋਰੀ ਦੀ ਘਟਨਾ ਸਬੰਧੀ ਮਾਛੀਵਾੜਾ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿਸ ਸਬੰਧੀ ਉਨ੍ਹਾਂ ਵਲੋਂ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।