ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਮਈ
ਲੁਧਿਆਣਾ ਦੇ ਜਵੱਦੀ ਵਿੱਚ ਅੱਜ ਅਸਥਾਈ ਕੋਵਿਡ ਹਸਪਤਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਕਮਿਊਨਿਟੀ ਹੈਲਥ ਸੈਂਟਰ (ਸੀ.ਐੱਚ.ਸੀ.) ਜਵੱਦੀ ਵਿੱਚ ਸ਼ੁਰੂ ਕਰ ਦਿੱਤਾ। ਇੱਥੇ ਲੈਵਲ-2 ਦੇ 60 ਬੈੱਡ ਸਥਾਪਤ ਕੀਤੇ ਗਏ ਹਨ। ਇਸ ਹਸਪਤਾਲ ਦੀ ਸ਼ੁਰੂਆਤ ਸਮੇਂ ਕੌਂਸਲਰ ਮਮਤਾ ਆਸ਼ੂ, ਐੱਸਡੀਐੱਮ ਅਮਰਿੰਦਰ ਸਿੰਘ ਮੱਲ੍ਹੀ ਨੇ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਸੈਂਟਰ ਨੂੰ ਲੈਵਲ-2 ਕੋਵਿਡ ਕੇਅਰ ਸਹੂਲਤ ਵਜੋਂ ਪੂਰੀ ਦੇਖਭਾਲ ਨਾਲ ਚਲਾਉਣ। ਉਨ੍ਹਾਂ ਕਿਹਾ ਕਿ ਇਸ ਸਿਹਤ ਕੇਂਦਰ ਵਿਚ ਲੋੜੀਂਦਾ ਬੁਨਿਆਦੀ ਢਾਂਚਾ ਪਹਿਲਾਂ ਹੀ ਮੌਜੂਦ ਸੀ ਅਤੇ ਇਸੇ ਕਰਕੇ ਦੂਜੇ ਹਸਪਤਾਲਾਂ ਦਾ ਭਾਰ ਘਟਾਉਣ ਅਤੇ ਉਨ੍ਹਾਂ ਦੇ ਲੈਵਲ-2 ਦੇ ਬੈਡਾਂ ਨੂੰ ਆਈ.ਸੀ.ਯੂ. ਬੈੱਡਾਂ ਵਿਚ ਤਬਦੀਲ ਕਰਦਿਆਂ ਲੈਵਲ-2 ਮਰੀਜ਼ਾਂ ਦੇ ਇਲਾਜ ਲਈ ਇਸ ਦੀ ਵਰਤੋਂ ਕੀਤੀ ਜਾ ਸਕੇ। ਕੌਂਸਲਰ ਮਮਤਾ ਆਸ਼ੂ ਨੇ ਕਿਹਾ ਕਿ ਹਸਪਤਾਲ ਵਿੱਚ ਸਮਰਪਿਤ ਡਾਕਟਰਾਂ ਅਤੇ ਸਿਹਤ ਸੰਭਾਲ ਸਟਾਫ ਦੀ ਇੱਕ ਟੀਮ ਤਾਇਨਾਤ ਕੀਤੀ ਗਈ ਹੈ, ਜਿਥੇ ਕੋਵਿਡ-19 ਦੇ 3 ਮਰੀਜ਼ ਜ਼ੇਰੇ ਇਲਾਜ ਹਨ। ਉਨ੍ਹਾਂ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਹਸਪਤਾਲ ਵਿੱਚ ਬੈਡ ਨਾ ਮਿਲਣ ਦੀ ਸੂਰਤ ਵਿੱਚ ਸੀ.ਐਚ.ਸੀ. ਜਵੱਦੀ ਵਿਖੇ ਸੰਪਰਕ ਕਰ ਸਕਦੇ ਹਨ। ਉਨ੍ਹਾ ਕਿਹਾ ਕਿ ਕੋਵਿਡ-19 ਇਲਾਜ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ।