ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਨਵੰਬਰ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਾਕੇ ਵੇਚਣ ਲਈ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ 41 ਵਿਅਕਤੀਆਂਨੂੰ ਅਸਥਾਈ ਲਾਇਸੈਂਸ ਜਾਰੀ ਕੀਤੇ। ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਠ ਨਿਸ਼ਚਤ ਥਾਵਾਂ ’ਤੇ 41 ਵਿਕਰੇਤਾਵਾਂ ਨੂੰ ਪਟਾਕੇ ਵੇਚਣ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁੱਲ 389 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਦਾਣਾ ਮੰਡੀ, ਸਲੇਮ ਟਾਬਰੀ ਲਈ ਪ੍ਰਾਪਤ ਹੋਈਆਂ 75 ਅਰਜ਼ੀਆਂ ਵਿੱਚੋਂ 13 ਵਿਕਰੇਤਾਵਾਂ ਨੂੰ ਲਾਇਸੈਂਸ ਅਲਾਟ ਕੀਤੇ ਗਏ ਹਨ, ਜਦਕਿ ਸੈਕਟਰ-39 ਦੇ ਗਲਾਡਾ ਗਰਾਊਂਡ ਲਈ 93 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚੋਂ ਨੌਂ ਲਾਇਸੈਂਸ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ, 53 ਬਿਨੈਕਾਰਾਂ ਨੇ ਮਾਡਲ ਟਾਊਨ ਵਿੱਚ ਪਟਾਕੇ ਵੇਚਣ ਲਈ ਦਰਖਾਸਤ ਦਿੱਤੀ ਸੀ, ਜਿਨ੍ਹਾਂ ਵਿਚੋਂ ਪੰਜ ਨੂੰ ਲਾਇਸੈਂਸ ਜਾਰੀ ਕੀਤੇ ਗਏ ਹਨ, ਜਦੋਂਕਿ ਗਲਾਡਾ ਗਰਾਊਂਡ ਦੁੱਗਰੀ ਲਈ 69 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚੋਂ ਚਾਰ ਨੂੰ ਲਾਇਸੈਂਸ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਤਿੰਨ ਵਿਅਕਤੀਆਂ ਨੇ ਲੋਧੀ ਕਲੱਬ ਲਈ ਅਰਜ਼ੀ ਦਿੱਤੀ ਸੀ ਅਤੇ ਤਿੰਨਾਂ ਵਿਕਰੇਤਾਵਾਂ ਨੂੰ ਲਾਇਸੈਂਸ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੰਬੜਾਂ ਅਤੇ ਖੰਨਾ ਵਿਚ 31 ਅਤੇ 43 ਅਰਜ਼ੀਆਂ ਵਿਚੋਂ 3-3 ਨੂੰ ਪਟਾਕੇ ਵੇਚਣ ਲਈ ਲਾਇਸੈਂਸ ਜਾਰੀ ਕੀਤੇ ਹਨ ਹਨ ਜਦਕਿ ਜਗਰਾਉਂ ਵਿਚ ਸਿਰਫ ਇਕ ਲਾਇਸੈਂਸ ਨਿਰਧਾਰਤ ਕੀਤਾ ਗਿਆ ਹੈ ਜਿੱਥੇ 22 ਬਿਨੈਕਾਰਾਂ ਵੱਲੋਂ ਅਪਲਾਈ ਕੀਤਾ ਗਿਆ ਸੀ। ਡੀਸੀ ਅਤੇ ਜੁਆਇੰਟ ਕਮਿਸ਼ਨਰ ਪੁਲੀਸ ਜੇ.ਐਲਨਚੇਜੀਅਨ ਵੱਲੋਂ ਪਾਰਦਰਸ਼ੀ ਢੰਗ ਨਾਲ ਡਰਾਅ ਕਢਵਾਏ ਗਏ।